Punjab

ਅਕਾਲੀ ਦਲ ਨੂੰ ਨਹੀਂ ਮਿਲੀ ਮਾਰਚ ਕਰਨ ਦੀ ਇਜਾਜ਼ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੂੰ ਸੰਸਦ ਤੱਕ ਮਾਰਚ ਕੱਢਣ ਲਈ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਹੈ। ਦਰਅਸਲ, ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰਾ ਹੋਣ ‘ਤੇ ਦਿੱਲੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸੰਸਦ ਤੱਕ ਮਾਰਚ ਕੱਢਿਆ ਜਾਣਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦਿੱਲੀ ਵਿੱਚ 1 ਸਾਲ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਨੂੰ ਜਗਾਉਣ ਲਈ ਸ਼ਾਂਤਮਈ ਮਾਰਚ ਹੋਣਾ ਸੀ ਪਰ ਮਾਰਚ ਨੂੰ ਸਰਕਾਰ ਨੇ ਮਨਜੂਰੀ ਨਹੀਂ ਦਿੱਤੀ।

ਚੀਮਾ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਕਿ ਸ਼ਾਂਤਮਈ ਮਾਰਚ ਕੀਤਾ ਜਾਣਾ ਸੀ, ਪਰ ਜੇਕਰ ਆਜ਼ਾਦ ਦੇਸ਼ ਵਿੱਚ ਇਹ ਵੀ ਨਹੀਂ ਹੋ ਸਕਦਾ ਤਾਂ ਬਹੁਤ ਗਲਤ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਰਚ ‘ਤੇ ਪਾਬੰਦੀ ਨਹੀਂ ਲਗਾਉਣੀ ਚਾਹੀਦੀ। ਅਕਾਲੀ ਦਲ ਨੇ 17 ਸਤੰਬਰ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।