Punjab

ਜ਼ੀਰਾ ਹਲਕੇ ਦੇ ਪਿੰਡ ਮਨਸੂਰਵਾਲ ਕਲਾਂ ਕੋਲ ਧਰਨੇ ਵਾਲੀ ਜਗਾ ‘ਤੇ ਪ੍ਰਸ਼ਾਸਨ ਨੇ ਕੀਤੀ ਸਖ਼ਤੀ,ਲਾਈ ਧਾਰਾ 144

ਜ਼ੀਰਾ : ਜ਼ੀਰਾ ਹਲਕੇ ਦੇ ਪਿੰਡ ਮਨਸੂਰਵਾਲ ਕਲਾਂ ਕੋਲ ਧਰਨੇ ਵਾਲੀ ਜਗਾ ਤੇ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ । ਇਥੇ ਲਗੇ ਸ਼ਰਾਬ ਦੇ ਕਾਰਖਾਨੇ ਨੂੰ ਬੰਦ ਕਰਵਾਉਣ ਲਈ ਪਿਛਲੇ ਕਾਫ਼ੀ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਹੁਣ ਪੁਲਿਸ ਪ੍ਰਸ਼ਾਸਨ ਵਲੋਂ ਕਾਫ਼ੀ ਗਿਣਤੀ ਵਿੱਚ ਇਥੇ ਸੁਰੱਖਿਆ ਕਰਮੀਆਂ ਦੀ ਗਿਣਤੀ ਵਧਾਈ ਗਈ ਹੈ ਤੇ ਬੈਰੀਕੇਡ ਵੀ ਲਗਾ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਹਾਈਕੋਰਟ ਵਿੱਚ ਕੱਲ ਇਸ ਮਾਮਲੇ ਨਾਲ ਸੰਬਧਤ ਕੇਸ ਦੀ ਤਰੀਕ ਵੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿਧਾਇਕ ਰਣਬੀਰ ਭੁਲਰ ਨੇ ਕੱਲ ਇਥੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਸੀ ਤੇ ਹਾਲ ਦੀ ਘੜੀ ਵੀ ਉਹ ਧਰਨੇ ਵਾਲੀ ਜਗਾ ‘ਤੇ ਹੀ ਹਨ ਪਰ ਕੋਈ ਵੀ ਹਲ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਹੈ।

ਫਿਰੋਜ਼ਪੁਰ ਜਿਲ੍ਹੇ ਵਿੱਚ ਪੈਂਦੇ ਜ਼ੀਰਾ ਇਲਾਕੇ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਿਸਾਨਾਂ ਤੇ ਉਥੋਂ ਦੇ ਸਥਾਨਕ ਲੋਕਾਂ ਨੇ ਧਰਨਾ ਲਾਇਆ ਹੋਇਆ ਹੈ ,ਜੋ ਕਿ ਪਿਛਲੇ 75 ਦਿਨਾਂ ਤੋਂ ਚੱਲ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਸ਼ਰਾਬ ਦੀ ਫੈਕਟਰੀ ਨਾਲ ਇਲਾਕੇ ਦਾ ਪਾਣੀ ਗੰਦਾ ਤੇ ਜ਼ਹਿਰੀਲਾ ਹੋ ਚੁੱਕਾ ਹੈ ਤੇ ਕਈ ਭਿਆਨਕ ਬੀਮਾਰੀਆਂ ਨੂੰ ਕਾਰਨ ਬਣ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਫੈਕਟਰੀ ਦੇ ਪਾਣੀ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਕੈਂਸਰ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ।

ਟਿਊਬਵੈੱਲਾਂ ਵਿੱਚੋਂ ਦੂਸ਼ਿਤ ਪਾਣੀ ਨਿਕਲ ਰਿਹਾ ਹੈ। ਦੱਸ ਦੇਈਏ ਇਸ ਸਬੰਧ ਪੰਜਾਬ ਸਰਕਾਰ ਦੀ ਮੋਨੀਟਰਿੰਗ ਰਿਪੋਰਟ ਵਿੱਚ ਇਸ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਤੋਂ ਪਹਿਲਾਂ ਪੁਲੀਸ ਅਤੇ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਐਨਜੀਟੀ ਵੱਲੋਂ ਫੈਕਟਰੀ ਨੂੰ ਦਿੱਤੀ ਕਲੀਨ ਚਿੱਟ ਅਤੇ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਧਰਨਾ ਖ਼ਤਮ ਕਰਨ ਦੀ ਚੇਤਾਵਨੀ ਦਿੱਤੀ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਹ ਐਨਜੀਟੀ ਦੀ ਰਿਪੋਰਟ ਦੀ ਉਡੀਕ ਕਰਦੇ ਹਨ ਤਾਂ ਉਹ ਅਦਾਲਤ ਜਾ ਸਕਦੇ ਹਨ, ਪਰ ਧਰਨਾ ਫੈਕਟਰੀ ਤੋਂ 300 ਮੀਟਰ ਦੀ ਦੂਰੀ ‘ਤੇ ਦੇਣਾ ਪਵੇਗਾ।

ਇਸ ਦੇ ਨਾਲ ਹੀ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਫੈਕਟਰੀਆਂ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਹੁਣ ਤੱਕ ਰਟੌਲ ਰੋਹੀ ਅਤੇ ਮਨਸੂਰਵਾਲ ਕਲਾਂ ਵਿੱਚ ਦੂਸ਼ਿਤ ਪਾਣੀ ਕਾਰਨ ਕੈਂਸਰ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਟਿਊਬਵੈੱਲਾਂ ਵਿੱਚ ਦੂਸ਼ਿਤ ਪਾਣੀ ਆ ਰਿਹਾ ਹੈ । ਐਕਸਪੋਰਟ ਇੰਡੀਆ ‘ਤੇ ਪਾਈ ਗਈ ਜਾਣਕਾਰੀ ਮੁਤਾਬਿਕ ਕੰਪਨੀ ਸਿਲਵਰ ਪੋਟਾਸ਼ੀਅਮ ਸਾਇਨਾਈਡ, ਸੋਡੀਅਮ ਸਲਫਾਈਟ,ਮੋਨੋਈਥਾਨੋਲਮਾਈਨ ਆਦਿ ‘ਤੇ ਵੀ ਕੰਮ ਕਰਦੀ ਹੈ।

ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਚ ਕੈਂਸਰ ਕਾਲਾ ਪੀਲੀਆ ਦਿਲ ਦੇ ਰੋਗ ਅਤੇ ਚਮੜੀ ਰੋਗਾਂ ਦੀ ਤਾਦਾਦ ਆਮ ਨਾਲੋਂ ਕਿਤੇ ਵੱਧ ਹੈ । ਮਾਰਚ ਮਹੀਨੇ ਇਸੇ ਫੈਕਟਰੀ ਦੀ ਸੁਆਹ ਪਿੰਡਾਂ ਦੇ ਲੋਕਾਂ ਦੇ ਪੱਠਿਆਂ (ਹਰਾ ਚਾਰਾ) ਉੱਤੇ ਪੈਣ ਕਰਕੇ ਪੱਠੇ ਜ਼ਹਿਰੀਲੇ ਹੋ ਗਏ ਜਿਸ ਕਰਕੇ 24-25 ਘਰਾਂ ਦੇ ਤਕਰੀਬਨ 90 ਪਸ਼ੂਆਂ ਦੀ ਮੌਤ ਹੋਈ ਸੀ।