ਬਿਉਰੋ ਰਿਪੋਰਟ – ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਵਿੱਚ UPATS ਨੇ ਉੱਤਰ ਪ੍ਰਦੇਸ਼ (UP) ਦੇ ਆਲਮਬਾਗ ਦੇ ਥਾਣਾ ਖੇਤਰ ਦੇ ਸਰਦਾਰੀ ਖੇੜਾ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸੁਲਤਾਨਪੁਰ ਲੋਧੀ (Sultanpur Lodhi) ਦੇ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਇਸ ਦੀ ਭਾਲ ਵਿੱਚ ਲੱਗੀ ਹੋਈ ਸੀ। ਇਸ ਵਿਅਕਤੀ ਦੀ ਪਹਿਚਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਅਮਨਦੀਪ ਸਿੰਘ ਦੇ ਲਖਨਊ ਵਿੱਚ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਆਈ ਜੀ ਏ ਟੀ ਐਸ ਨੀਲਬਜਾ ਚੌਧਰੀ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ। ਕਤਲ ਸਮੇਤ ਕਈ ਅਪਰਾਧਾਂ ਵਿੱਚ ਸ਼ਾਮਲ ਇਹ ਵਿਅਕਤੀ ਪੰਜਾਬ ਤੋਂ ਫਰਾਰ ਹੋ ਕੇ ਲਖਨਊ ਵਿੱਚ ਲੁਕਿਆ ਹੋਇਆ ਹੈ। ਪੰਜਾਬ ਪੁਲਿਸ ਨੇ ਇਸ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਇੱਕ ਟੀਮ ਬਣਾ ਕੇ ਅਮਨਦੀਪ ਦੀ ਲੋਕੇਸ਼ਨ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਿਆ ਹੈ।
ਆਈ ਜੀ ਏ ਟੀ ਐਸ ਨੇ ਦੱਸਿਆ ਕਿ ਅਮਨਦੀਪ ਨੂੰ ਗ੍ਰਿਫਤਾਰ ਕਰਨ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਦਾ ਟਰਾਂਜ਼ਿਟ ਰਿਮਾਡ ਲੈ ਕੇ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਿਸ ਕਰਕੇ ਲਖਨਊ ਵਿੱਚ ਸੀ, ਇਸ ਦਾ ਲਖਨਊ ਵਿੱਚ ਕੀ ਕਰਨ ਦਾ ਇਰਾਦਾ ਸੀ, ਉਸ ਦੀ ਵੀ ਜਾਂਚ ਕੀਤੀ ਜਾਵੇਗੀ।
ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਮਨਦੀਪ ਜਿਲ੍ਹਾਂ ਸੰਗਰੂਰ ਦੇ ਥਾਣਾ ਸਦਰ ਧੂਰੀ ਦੇ ਬਬਨਪੁਰ ਦਾ ਰਹਿਣ ਵਾਲਾ ਹੈ। ਪਰ ਮੌਜੂਦਾ ਸਮੇਂ ਵਿੱਚ ਉਹ ਚਮਕੌਰ ਸਾਹਿਬ ਵਿਖੇ ਰਹਿ ਰਿਹਾ ਸੀ। ਇਸ ਉੱਪਰ ਵੱਖ-ਵੱਖ ਜਿਲ੍ਹਿਆਂ ਵਿੱਚ ਕਈ ਮਾਮਲੇ ਦਰਜ ਹਨ।