Human Rights India International

ਨਿੱਜਰ ਮਾਮਲੇ ਦੀ ਰਿਪੋਰਟਿੰਗ ਕਰ ਰਹੀ ਵਿਦੇਸ਼ੀ ਪੱਤਰਕਾਰ ਦੇਸ਼ ਛੱਡਣ ਲਈ ‘ਮਜਬੂਰ!’

ਬਿਉਰੋ ਰਿਪੋਰਟ – ਕੈਨੇਡਾ (Canada) ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਮਾਮਲੇ ਦੀ ਜਾਂਚ ਕਰ ਰਹੀ ਆਸਟ੍ਰੇਲੀਅਨ ਪੱਤਰਕਾਰ (Australian journalist) ਨੇ ਭਾਰਤ ਛੱਡ ਦਿੱਤਾ ਹੈ । ਮੰਗਲਵਾਰ (23 ਅਪ੍ਰੈਲ) ਨੂੰ ਉਸ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਵਲੋਂ ਵਰਕ ਵੀਜ਼ਾ (Work Visa) ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਸ ਦੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਸ ਕਾਰਨ ਇਨਕਾਰ ਕਰ ਦਿਤਾ ਸੀ ਕਿ ਉਸ ਦੀਆਂ ਮੀਡੀਆ ਰਿਪੋਰਟਾਂ ‘ਹੱਦਾਂ ਟੱਪ ਗਈਆਂ’ (Crossed a line)ਹਨ।

ਇਹ ਮਹਿਲਾ ਪੱਤਰਕਾਰ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ABP) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਹੈ ਤੇ ਇਸ ਦਾ ਨਾਂ ਅਵਨੀ ਡਾਇਸ (Avani Dias) ਹੈ। ਅਵਨੀ ਦਾ ਕਹਿਣਾ ਹੈ ਕਿ ਨਿੱਝਰ ਕਤਲਕਾਂਡ ਦੀ ਰਿਪੋਰਟਿੰਗ ’ਤੇ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਉਸ ਨੂੰ 19 ਅਪ੍ਰੈਲ ਨੂੰ ਮਜਬੂਰੀ ਵੱਸ ਭਾਰਤ ਛੱਡਣਾ ਪਿਆ।

ABPਨੇ ਕਿਹਾ ਹੈ ਕਿ ਸੋਸ਼ ਮੀਡੀਆ ਸਾਈਟ ਯੂਟਿਊਬ (YouTube) ਨੇ ਵੀ ਨਿੱਜਰ ਕਤਲ ਕੇਸ ’ਤੇ ਅਵਨੀ ਦੀ ਨਿਊਜ਼ ਸੀਰੀਜ਼ ‘ਵਿਦੇਸ਼ੀ ਪੱਤਰਕਾਰ’ ਦੇ ਇੱਕ ਐਪੀਸੋਡ ਨੂੰ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਹੈ। ਦੱਸ ਦੇਈਏ ਅਵਨੀ ਪਿਛਲੇ ਢਾਈ ਸਾਲਾਂ ਤੋਂ ਭਾਰਤ ਵਿੱਚ ਮੀਡੀਆ ਕਵਰੇਜ ਕਰ ਰਹੀ ਸੀ।

ਅਵਨੀ ਨੇ ਸੋਸ਼ਲ ਮੀਡੀਆ ਸਾਈਟ X ’ਤੇ ਇੱਕ ਪੋਸਟ ਵਿੱਚ ਆਪਣਾ ਬਿਆਨ ਸਾਂਝਾ ਕੀਤਾ ਹੈ ਕਿ ਪਿਛਲੇ ਹਫ਼ਤੇ ਉਸ ਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦੇ ਹੋਏ ਮੇਰਾ ਵਰਕ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀ ਰਿਪੋਰਟਿੰਗ ਨੇ ‘ਹੱਦ ਪਾਰ ਕਰ ਦਿਤੀ’ ਹੈ।

ਅਵਨੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਭਾਰਤੀ ਮੰਤਰਾਲੇ ਦੇ ਹੁਕਮਾਂ ਕਾਰਨ ਉਸ ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਦੀ ਕਵਰੇਜ ਕਰਨ ਲਈ ਵੀ ਇਜਾਜ਼ਤ ਨਹੀਂ ਮਿਲੇਗੀ। ਉਸ ਦਾ ਕਹਿਣਾ ਹੈ ਕਿ ਉਹ ਉਸ ਦੇਸ਼ ’ਚੋਂ ਵੋਟਿੰਗ ਦੇ ਪਹਿਲੇ ਦਿਨ ਨਿਕਲੀ ਜਿਸ ਨੂੰ ਮੋਦੀ ‘ਲੋਕਤੰਤਰ ਦੀ ਮਾਂ’ (Mother of Democracy) ਕਹਿੰਦੇ ਹਨ।

ਉਸ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਦੇ ਦਖ਼ਲ ਦੇਣ ਮਗਰੋਂ ਉਸ ਦੇ ਭਾਰਤੀ ਵੀਜ਼ੇ ਵਿੱਚ ਦੋ ਮਹੀਨਿਆਂ ਦਾ ਵਾਧਾ ਕੀਤਾ ਗਿਆ ਸੀ, ਪਰ ਇਸ ਬਾਰੇ ਉਸ ਨੂੰ ਜਹਾਜ਼ ਦੀ ਉਡਾਣ ਤੋਂ ਮਹਿਜ਼ 24 ਘੰਟੇ ਪਹਿਲਾਂ ਸੂਚਿਤ ਕੀਤਾ ਗਿਆ। ਏਨੇ ਚਿਰ ਨੂੰ ਉਹ ਵਾਪਸ ਆਸਟ੍ਰੇਲੀਆ ਜਾਣ ਦਾ ਪੱਕਾ ਮਨ ਬਣਾ ਚੁੱਕੀ ਸੀ।

ਅਵਨੀ ਦਾ ਇਹ ਬਿਆਨ ਬਹੁਤ ਚਿੰਤਾ ਕਰਨ ਵਾਲਾ ਹੈ- ‘‘ਮੈਨੂੰ ਭਾਰਤ ਵਿੱਚ ਅਪਣਾ ਕੰਮ ਕਰਨਾ ਬਹੁਤ ਮੁਸ਼ਕਲ ਮਹਿਸੂਸ ਹੋਇਆ। ਸਰਕਾਰ ਮੈਨੂੰ ਚੋਣਾਂ ਨੂੰ ਕਵਰ ਕਰਨ ਲਈ ਲੋੜੀਂਦੇ ਪਾਸ ਵੀ ਨਹੀਂ ਦਿੰਦੀ ਸੀ। ਨਰਿੰਦਰ ਮੋਦੀ ਸਰਕਾਰ ਨੇ ਮੈਨੂੰ ਇੰਨਾ ਅਸਹਿਜ ਮਹਿਸੂਸ ਕੀਤਾ ਹੈ ਕਿ ਅਸੀਂ ਭਾਰਤ ਨੂੰ ਛੱਡਣ ਦਾ ਫੈਸਲਾ ਕੀਤਾ ਹੈ।’’

ਹਾਲਾਂਕਿ ABP ਨੇ ਕਿਹਾ ਹੈ ਕਿ ਅਵਨੀ ਆਸਟਰੇਲੀਆ ਤੋਂ ‘ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ’ ਵਿੱਚ ਚੋਣਾਂ ਨੂੰ ਕਵਰ ਕਰਨਾ ਜਾਰੀ ਰੱਖੇਗੀ।