Punjab

ਆਪ ਨੇ ਦਿਖਾਈਆਂ ਵਿਰੋਧੀਆਂ ਨੂੰ ਅੱਖਾਂ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਵੱਡੇ ਬਦਲਾਅ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ (ਪੰਜਾਬ) ਨੇ ਟਵੀਟ ਕਰਕੇ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਸੁਧਾਰ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਹ ਦਾਅਵਾ ਉਸ ਵੇਲੇ ਕੀਤਾ ਹੈ ਜਦੋਂ ਮੁਫਤ ਬਿਜਲੀ ਲਈ ਸ਼ਰਤਾਂ ਲਾਉਣ ਕਰਕੇ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ।

ਆਮ ਆਦਮੀ ਪਾਰਟੀ ਨੇ ਟਵੀਟ ਕਰਦਿਆਂ ਕਿਹਾ ਹੈ ਇੱਕ ਪਾਸੇ ਪੰਜਾਬ ਨੇ ਉਹ ਵਕਤ ਵੀ ਵੇਖਿਆ ਹੈ, ਜਦ ਬਾਦਲਾਂ ਦੀਆਂ ਬੱਸਾਂ ਲੋਕਾਂ ਲਈ ਜਾਨ ਦਾ ਖੌਅ ਸਨ, ਇੱਕ ਅੱਜ ਦਾ ਵੇਲਾ ਹੈ ਜਦ ਪੰਜਾਬ ਦੇ ਲੋਕ ਸਰਕਾਰੀ ਬੱਸਾਂ ਵਿੱਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਨੀਅਤ ਦਾ ਫ਼ਰਕ ਹੈ। ਬਸ ਇਹੀ ਫ਼ਰਕ ਹੁੰਦਾ ਹੈ ਇੱਕ ਤਾਨਾਸ਼ਾਹ ਤੇ ਜਨਤਾ ਦੀ ਸੇਵਕ ਸਰਕਾਰ ਦੇ ਵਿਚਕਾਰ, ਇਹ ਹੈ ਬਦਲਾਅ!

ਦੱਸ ਦਈਏ ਕਿ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ ਕਿ ਬਦਲਾਅ ਦਾ ਨਾਅਰ ਲਾ ਕੇ ਸਰਕਾਰ ਬਣਾਉਣ ਮਗਰੋਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ  ਦੇ ਸੀਨੀਅਰ ਆਗੂ ਡਾ. ਦਲਜੀਤ ਚੀਮਾ ਨੇ ਕਿਹਾ ਹੈ ਕਿ ਸਰਕਾਰ ਦੀਆਂ ਸ਼ਰਤਾਂ ਕਾਰਨ 80 ਫੀਸਦੀ ਪਰਿਵਾਰ ਮੁਫਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ। ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।

ਚੀਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਇਸ ਸਕੀਮ ਦਾ 51 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਹੁਣ ਇਹ ਨੋਟੀਫਿਕੇਸ਼ਨ ਆ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਦੇ ਸਾਰੇ ਦਾਅਵੇ ਖੋਖਲੇ ਤੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ।