Punjab

ਅਧਿਆਪਕ ਦਾ ਸੁਪਣਾ ਵੇਖ ਰਹੇ ਪੰਜਾਬ ਦੇ ਲੱਖਾਂ ਨੌਜਵਾਨਾਂ ਨਾਲ ਵੱਡੀ ਠੱਗੀ !

TET Question paper scam

ਬਿਊਰੋ ਰਿਪੋਰਟ : ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਅਤੇ ਨੌਕਰੀ ਵਿੱਚ ਪਾਰਦਰਸ਼ਤਾ ਲਿਆਉਣ ਦਾ ਦਮ ਭਰਨ ਵਾਲੀ ਮਾਨ ਸਰਕਾਰ ਦੇ ਇੱਕ-ਇੱਕ ਦਾਅਵੇ ਦਾ ਦਮ ਨਿਕਲ ਦਾ ਹੋਇਆ ਨਜ਼ਰ ਆ ਰਿਹਾ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਡੇ-ਵੱਡੇ ਪੋਸਟ ਛਾਪ ਕੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਰਿਕਾਰਡ ਬਣਾਉਣ ਦੇ ਦਾਅਵੇ ਕਰ ਰਹੇ ਹਨ ਪਰ ਜਿੰਨਾਂ ਅਧਿਆਪਕਾਂ ਨੂੰ ਪੜਾਉਣ ਲਈ ਤਿਆਰ ਕਰਨਾ ਹੈ ਉਨ੍ਹਾਂ ਦੇ ਪ੍ਰਤੀ ਸਿੱਖਿਆ ਵਿਭਾਗ ਦੀ ਲਾਪਰਵਾਈ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਪਹਿਲਾਂ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਲੀਕ ਹੋਇਆ ਹੁਣ 12 ਮਾਰਚ ਨੂੰ ਅਧਿਆਪਕ ਦੀ ਨੌਕਰੀ ਲਈ ਜ਼ਰੂਰੀ TET ਪ੍ਰੀਖਿਆ ਯਾਨੀ TEACHER ELIGIBILTY TEST ਦੌਰਾਨ ਉਮੀਦਵਾਰਾਂ ਦੀ ਮਿਹਨਤ ਨਾਲ ਸਰੇਆਮ ਮਜ਼ਾਕ ਕੀਤਾ ਗਿਆ ਜੋ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ । ਜਿਹੜੇ ਉਮੀਦਵਾਰ TET -2 ਦਾ ਇਮਤਿਹਾਨ ਦੇਣ ਪਹੁੰਚੇ ਸਨ ਉਨ੍ਹਾਂ ਦੇ 60 ਨੰਬਰ ਦੇ ਸਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰ ਵਿੱਚ ਹਰ ਸਵਾਲ ਦੇ ਨਾਲ ਦਿੱਤੇ ਗਏ ਚਾਰ ਆਪਸ਼ਨ ਵਿੱਚੋ ਸਹੀ ਜਵਾਬ ਨੂੰ ਗਾੜੇ ਨਿਸ਼ਾਨ ਨਾਲ ਟਿੱਕ ਕੀਤਾ ਹੋਇਆ ਸੀ । ਜੋ ਕਿ ਅਸਲ ਵਿੱਚ ਵੀ ਸਹੀ ਸਨ । ਤੁਹਾਨੂੰ ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ 2 ਸਵਾਲਾਂ ਦੇ ਜ਼ਰੀਏ ਇਸ ਪੂਰੇ ਖੇਡ ਨੂੰ ਮਝਾਉਣ ਦੀ ਕੋਸ਼ਿਸ਼ ਕਰਦੇ ਹਾਂ । TET ਦੇ ਸਮਾਜਿਕ ਸਿੱਖਿਆ ਦੇ ਵਿਸ਼ੇ ਵਿੱਚ ਇੱਕ ਪ੍ਰਸ਼ਨ ਸੀ, ਸਮਾਜ ਸ਼ਾਸਤ ਵਿੱਚ ਕਿਸ ਨੂੰ ਪ੍ਰਾਈਮਰੀ ਸਰੋਤ ਨਹੀਂ ਮੰਨਿਆ ਜਾਂਦਾ ? ਇਸ ਦੇ ਲਈ ਚਾਰ ਆਪਸ਼ਨ ਦਿੱਤੇ ਗਏ (A) ਕਲਾਕ੍ਰਿਤੀਆਂ (B) ਸਵੈ ਜੀਵਨੀ (C) ਸਮਝੌਤੇ ਦੇ ਪੱਤਰ ਜਾਂ ਦਸਤਾਵੇਜ (D) ਪੁਸਤਕ ਸਮੀਖਿਆਵਾਂ । ਇਸ ਵਿੱਚ ਸਹੀ ਆਪਸ਼ਨ ‘C’ ਸੀ ਜਿਸ ‘ਤੇ ਸਹੀ ਦਾ ਨਿਸ਼ਾਨ ਗਾਣੇ ਪੈਨ ਨਾਲ ਲੱਗਿਆ ਸੀ । ਇਸੇ ਤਰ੍ਹਾਂ ਇੱਕ ਹੋਰ ਸਵਾਲ ਸੀ। ਕਿਹੜਾ ਸਮਾਜਿਕ ਵਿਗਿਆਨ ਪੜਾਉਣ ਦੀ ਨਿਗਮਨ ਵਿਧੀ ਦੀ ਵਿਸ਼ੇਸ਼ਤਾ ਨਹੀਂ ਹੈ ? (A) ਕਿਸੇ ਦੁਆਰਾ ਆਮ ਤੋਂ ਵਿਸ਼ੇਸ ਤੱਕ ਅੱਗੇ ਵੱਧਣਾ B ਕਿਸੇ ਦੁਆਰ ਤੋਂ ਸਥੂਲ ਤੱਕ ਅੱਗੇ ਵਧਣਾ (C) ਤੱਥਾਂ ਨੂੰ ਯਾਦ ਕਰਨ ਨੂੰ ਉਤਸ਼ਾਹਿਤ ਕਰਦਾ ਹੈ( D) ਵਿਦਿਆਰਥੀ ਦੀਆਂ ਬੋਧਿਕ ਸ਼ਕਤੀਆਂ ਨੂੰ ਉਤੇਜਿਤ ਕਰਦਾ ਹੈ । ਇਸ ਦੇ ਸਹੀ ਆਪਸ਼ਨ ‘A’ ‘ਤੇ ਸਹੀ ਕਲਿੱਕ ਦਾ ਨਿਸ਼ਾਨ ਸੀ, ਇਸੇ ਤਰ੍ਹਾਂ 60 ਸਵਾਲਾਂ ‘ਤੇ ਗਾੜੇ ਪੈਨ ਨਾਲ ਸਹੀ ਦੇ ਨਿਸ਼ਾਨ ਲੱਗੇ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਪੇਪਰ ਸਿੱਖਿਆ ਵਿਭਾਗ ਦੇ ਅਧਾਰੇ SCRT ਵੱਲੋਂ ਕਰਵਾਇਆ ਜਾਂਦਾ ਹੈ ਪਰ ਇਸ ਅਧਾਰੇ ਨੇ ਇਸ ਵਾਰ ਇਹ ਜ਼ਿੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਦਿੱਤੀ ਸੀ । ਜਿਸ ਦੇ ਵੱਲੋਂ ਇਹ ਪੂਰੀ ਲਾਪਰਵਾਈ ਹੋਈ ਹੈ । ਪੇਪਰ ਵਿੱਚ ਹੋਏ ਇਸ ਗੋਲਮਾਲ ‘ਤੇ ਕਾਂਗਰਸ ਦੇ ਸੀਨੀਅਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ‘ਕਿ ਸਿੱਖਿਆ ਮੰਤਰੀ ਦੇ ਤੌਰ ‘ਤੇ ਉਹਨਾਂ ਦੀ ਵੱਡੀ ਅਸਫਲਤਾ ਦੱਸਿਆ ਹੈ। ਉਹਨਾਂ ਇਹ ਵੀ ਲਿੱਖਿਆ ਹੈ ਕਿ ਪੇਪਰ ਤੋਂ ਪਹਿਲਾਂ ਹੀ ਪ੍ਰੀਖਿਆ ਸ਼ੀਟ ਵਿੱਚ 60% ਉੱਤਰ ਪਹਿਲਾਂ ਹੀ ਮੌਜੂਦ ਸਨ। ਨਾਇਬ ਤਹਿਸੀਲਦਾਰ ਘੋਟਾਲੇ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਇੱਕ ਵੱਡੀ ਭੁੱਲ ਹੈ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ।’ ਉਧਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਇਸ ਪਿੱਛੇ ਵੱਡਾ ਸਾਜਿਸ਼ ਵਿਖਾਈ ਦੇ ਰਹੀ ਹੈ ।

ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਵੱਡਾ ਬਿਆਨ

ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ‘ਦ ਖਾਲਸ ਟੀਵੀ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਜਿਸ ਤਰ੍ਹਾਂ ਸਹੀ ਉੱਤਰ ਦੇ ਨਿਸ਼ਾਨ ਲਗਾਏ ਗਏ ਸਨ ਉਸ ਤੋਂ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ ? ਇਸ ਤਰ੍ਹਾਂ ਹੋਣ ਨਾਲ ਜਿੱਥੇ ਬਿਨਾਂ ਤਿਆਰੀ ਤੋਂ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਪਾਸ ਹੋਣਗੇ। ਉੱਥੇ ਬਿਨਾ ਤਿਆਰੀ ਤੋ ਪੇਪਰ ਵਾਲੇ ਉਮੀਦਵਾਰ ਸਫਲ ਹੋਕੇ ਹੋਰਨਾਂ ਦੇ ਹੱਕ ਮਾਰਨਗੇ। ਢਿੱਲਵਾਂ ਨੇ ਸਰਕਾਰ ਉੱਤੇ ਬੇਰੁਜ਼ਗਾਰਾਂ ਨੂੰ ਖੱਜਲ ਖੁਆਰ ਕਰਨ ਅਤੇ ਆਰਥਿਕ ਲੁੱਟ ਕਰਨ ਦਾ ਦੋਸ਼ ਲਗਾਇਆ । ਉਨ੍ਹਾਂ ਕਿਹਾ ਪਾਰਦਰਸ਼ੀ ਭਰਤੀ ਅਤੇ ਪ੍ਰੀਖਿਆ ਕਰਵਾਉਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੀ ਫੂਕ ਨਿਕਲ ਗਈ ਹੈ । ਉਨ੍ਹਾਂ ਦੱਸਿਆ ਕਿ ਕਾਫੀ ਸੈਂਟਰਾਂ ਵਿੱਚ ਉਮੀਦਵਾਰਾਂ ਕੋਲੋਂ ਪ੍ਰਸ਼ਨ ਪੱਤਰ ਵਾਪਸ ਜਮਾ ਕਰਵਾ ਲਏ ਗਏ। ਜਦਕਿ ਬਰਨਾਲਾ ਵਿਖੇ ਸਰਵਹਿੱਤਕਾਰੀ ਸਕੂਲ ਵਿੱਚ ਹੋਏ ਸਮਾਜਿਕ ਸਿੱਖਿਆ ਪੇਪਰ ਉਮੀਦਵਾਰ ਆਪਣੇ ਕੋਲ ਘਰਾਂ ਨੂੰ ਲੈਕੇ ਗਏ ਹਨ। ਜਥੇਬੰਦੀ ਵੱਲੋਂ ਜਿਹੜਾ ਪ੍ਰਸ਼ਨ ਪੱਤਰ ਜਾਰੀ ਕੀਤਾ ਗਿਆ ਹੈ ਉਹ ਪੇਪਰ ਦਾ ਸੈੱਟ D ਹੈ।ਜਦਕਿ ਬਾਕੀ ਸੈਟਾਂ ਵਿੱਚ ਵੀ ਇੰਝ ਹੀ ਹੋਇਆ ਹੈ। ਸੁਖਵਿੰਦਰ ਸਿੰਘ ਨੇ ‘ਦ ਖਾਲਸ ਟੀਵੀ ਨਾਲ ਖਾਸ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸਿਰਫ਼ ਸਮਜਿਕ ਗਿਆਨ ਦੇ ਪੇਪਰ ‘ਤੇ ਟਿੱਕ ਦੇ ਨਿਸ਼ਾਨ ਨਹੀਂ ਲਗਾਏ ਗਏ ਹਨ ਅੰਗਰੇਜ਼ੀ ਅਤੇ ਹਿਸਾਬ ਦੇ ਵਿਸ਼ੇ ‘ਤੇ ਵੀ ਅਜਿਹੀ ਸ਼ਿਕਾਇਤਾ ਮਿਲਿਆ ਹਨ । ਸੁਖਵਿੰਦਰ ਸਿੰਘ ਢਿੱਲਵਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜੇ ਆਪਸ਼ਨ ‘ਤੇ ਸਹੀ ਦਾ ਨਿਸ਼ਾਨ ਲਗਾਇਆ ਗਿਆ ਸੀ ਉਹ ਹੀ ਸਹੀ ਉੱਤਰ ਸੀ। ਢਿੱਲਵਾਂ ਨੇ ਕਿਹਾ ਕਿ ਭਾਵੇ ਸਰਕਾਰ ਆਪਣਾ ਪੱਲਾ ਝਾੜੇਗੀ ਪਰ ਸਾਨੂੰ ਲੱਗ ਦਾ ਹੈ ਕਿ ਇਹ ਜਾਨ ਬੁਝ ਕੇ ਕੀਤਾ ਗਿਆ ਹੈ । TET ਅਧਿਆਪਕ ਦੀ ਪ੍ਰੀਖਿਆ ਤੋਂ ਬਾਅਦ ਸਰਕਾਰ ‘ਤੇ ਨੌਕਰੀ ਦਾ ਦਬਾਅ ਵਧਣਾ ਸੀ ਇਸੇ ਲਈ ਸਰਕਾਰ ਨੇ ਇਸ ਨੂੰ ਟਾਲਣ ਦੇ ਲਈ ਇਹ ਕੰਮ ਕੀਤਾ ਹੈ । ਉਮੀਦਵਾਰ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ ਜਿਸ ਦੀ ਵਜ੍ਹਾ ਕਰਕੇ ਮੁੜ ਤੋਂ ਇਮਤਿਹਾਨ ਹੋਣਗੇ ਇਸ ਨਾਲ ਸਮਾਂ ਵੀ ਖਰਾਬ ਹੋਵੇਗਾ ਅਤੇ ਅਗਲੀ ਲੋਕਸਭਾ ਚੋਣਾਂ ਤੱਕ ਇਸ ਨੂੰ ਟਾਲ ਦਿੱਤਾ ਜਾਵੇਗਾ। ਢਿੱਲਵਾਂ ਨੇ ਮੰਗ ਕੀਤੀ ਕਿ ਸਰਕਾਰ ਵਿਦਿਆਰਥੀਆਂ ਨੂੰ ਇਸ ਦਾ ਮੁਆਵਜ਼ਾ ਦੇਵੇ, ਜਿੰਨਾਂ ਨੇ ਅਜਿਹੀ ਹਰਕਤ ਕੀਤੀ ਹੈ ਉਨ੍ਹਾਂ ਖਿਲਾਫ ਕਾਰਵਾਈ ਹੋਵੇ ਅਤੇ ਜਲਦ ਤੋਂ ਜਲਦ ਪੇਪਰ ਮੁੜ ਤੋਂ ਕਰਵਾਇਆ ਜਾਵੇ ।

ਉਮੀਦਵਾਰਾਂ ਦਾ ਟ੍ਰਿਪਲ ਨੁਕਸਾਨ

TET ਦਾ ਅਖੀਰਲੀ ਵਾਰ ਇਮਤਿਹਾਨ 24 ਦਸੰਬਰ 2021 ਵਿੱਚ ਹੋਇਆ ਸੀ। ਜਿਸ ਦਾ ਨਤੀਜਾ ਅਪ੍ਰੈਲ 2022 ਨੂੰ ਆਇਆ ਸੀ । ਜਦਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਲ ਵਿੱਚ TET ਦਾ ਇਮਤਿਹਾਨ 2 ਵਾਰ ਕਰਵਾਇਆ ਜਾਵੇਗਾ । ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਿਹੜੇ ਉਮੀਦਵਾਰ ਅਧਿਆਪਕ ਦੀ ਨੌਕਰੀ ਦੇ ਲਈ TET ਦਾ ਇਮਤਿਹਾਨ ਦੇਣ ਆਏ ਸਨ ਉਨ੍ਹਾਂ ਦਾ ਟ੍ਰਿਪਲ ਨੁਕਸਾਨ ਹੋਇਆ ਹੈ । ਸਭ ਤੋਂ ਪਹਿਲਾਂ ਉਨ੍ਹਾਂ ਦਾ ਸਮਾਂ ਖਰਾਬ ਹੋਇਆ ਉਨ੍ਹਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ, ਇਸ ਤੋਂ ਇਲਾਵਾ ਮੁੜ ਤੋਂ ਪੇਪਰ ਦੀ ਤਿਆਰੀ ਕਰਨੀ ਪਏਗੀ । ਤੀਜਾ ਸਭ ਅਹਿਮ ਹੈ ਉਮਰ । ਸਰਕਾਰੀ ਨੌਕਰੀ ਦੇ ਲਈ ਜਿੰਨਾਂ ਉਮੀਦਵਾਰ ਦੀ ਉਮਰ ਜ਼ਿਆਦਾ ਹੈ ਉਹ ਹੁਣ ਇਸ ਰੇਸ ਤੋਂ ਬਾਹਰ ਹੋ ਜਾਣਗੇ । ਇਹ ਨਹੀਂ ਪਤਾ ਮੁੜ ਤੋਂ ਇਮਤਿਹਾਨ ਕਦੋਂ ਹੋਵੇਗਾ । ਜਦੋਂ ਹੋਵੇਗਾ ਤਾਂ ਉਨ੍ਹਾਂ ਦੀ ਉਮਰ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਉਹ ਸਰਕਾਰ ਨੌਕਰੀ ਲਈ ਅਪਲਾਈ ਨਹੀਂ ਕਰ ਸਕਣਗੇ । ਅਜਿਹੇ ਵਿੱਚ ਸਰਕਾਰ ਉਮੀਦਵਾਰਾਂ ਨੂੰ ਕੋਈ ਰਾਹਤ ਦਿੰਦੀ ਹੈ ਜਾਂ ਫਿਰ ਕਾਨੂੰਨੀ ਲੜਾਈ ਦੇ ਜ਼ਰੀਏ ਇੰਨਾਂ ਨੂੰ ਹੱਕ ਲੈਣਾ ਪਏਗਾ । ਪਰ ਦੋਵੇ ਸੂਰਤ ਵਿੱਚ ਨੁਕਸਾਨ ਉਮੀਦਵਾਰਾਂ ਦਾ ਹੀ ਹੈ । ਕੋਰਟ ਕੇਸਾਂ ਵਿੱਚ ਪੈਸੇ ਦੇ ਨਾਲ ਸਮਾਂ ਵੀ ਖਰਾਬ ਹੋਵੇਗਾ ।

2 ਤਰ੍ਹਾਂ ਦਾ TET ਦਾ ਇਮਤਿਹਾਨ ਹੁੰਦਾ ਹੈ

TET ਦਾ ਇਮਤਿਹਾਨ 2 ਤਰ੍ਹਾਂ ਦਾ ਹੁੰਦਾ ਹੈ । TET 1 ਦਾ ਇਮਤਿਹਾਨ ਪਹਿਲੀ ਕਲਾਸ ਤੋਂ 5ਵੀਂ ਕਲਾਸ ਦੇ ਅਧਿਆਪਕਾਂ ਦੇ ਲਈ ਹੁੰਦਾ ਹੈ। ਦੂਜਾ ਇਮਤਿਹਾਨ TET 2 ਦਾ ਹੁੰਦਾ ਹੈ ਇਹ ਉਨ੍ਹਾਂ ਅਧਿਆਪਕਾਂ ਦੇ ਲਈ ਹੁੰਦਾ ਹੈ ਜਿਹੜੇ 6ਵੀਂ ਤੋਂ 12ਵੀਂ ਤੱਕ ਪੜਾਉਂਦੇ ਹਨ । ਦੋਵਾਂ ਇਮਤਿਹਾਨਾਂ ਵਿੱਚ ਫਰਕ ਹੁੰਦਾ ਹੈ TET 1 ਵਿੱਚ 150 ਨੰਬਰ ਦਾ ਇੱਕ ਹੀ ਪੇਪਰ ਹੁੰਦਾ ਹੈ ਜਦਕਿ TET 2 ਵਿੱਚ 2 ਸੈਂਟ ਹੁੰਦੇ ਹਨ । 1 ਸੈੱਟ ਵਿੱਚ 90 ਸਵਾਲ ਹੁੰਦੇ ਹਨ ਦੂਜੇ ਵਿੱਚ 60 ਹੁੰਦੇ ਹਨ । 90 ਸਵਾਲ ਪੰਜਾਬੀ,ਅੰਗਰੇਜੀ ਅਤੇ ਜਨਰਲ ਨਾਲੇਜ ਦੇ ਹੁੰਦੇ ਹਨ ਜਦਿਕ ਦੂਜੇ ਸੈੱਟ ਦੇ 60 ਨੰਬਰ ਦੇ ਸਵਾਲ ਵਿਸ਼ੇ ਵਿਸ਼ੇਸ਼ ਦੇ ਹੁੰਦੇ ਹਨ ਜਿਵੇਂ ਕਿਸੇ ਨੇ SST ਦਾ ਅਧਿਆਪਕ ਬਣਨਾ ਹੈ ਤਾਂ ਉਸ ਉਮੀਦਵਾਰ ਨੂੰ 60 ਸਵਾਲ SST ਦੇ ਹੀ ਪੁੱਛੇ ਜਾਣਗੇ ,ਕਿਸੇ ਤਰ੍ਹਾਂ ਅੰਗਰੇਜ਼ੀ ਜਾਂ ਹਿਸਾਬ ਦਾ ਅਧਿਆਪਕ ਬਣਨਾ ਹੈ ਤਾਂ ਉਸ ਨੂੰ ਦੂਜੇ ਸੈੱਟ ਵਿੱਚ ਉਸੇ ਵਿਸ਼ੇ ਨਾਲ ਜੁੜੇ ਸਵਾਲ ਹੀ ਆਉਣਗੇ । ਪਰ TET 1 ਅਤੇ TET 2 ਵਿੱਚ OBJECTIVE ਟਾਇਪ ਸਵਾਲ ਹੀ ਪੁੱਛੇ ਜਾਂਦੇ ਹਨ। 4 ਆਪਸ਼ਨ ਦਿੱਤੇ ਜਾਂਦੇ ਹਨ,ਇੱਕ ਸਹੀ ‘ਤੇ ਕਲਿੱਕ ਕਰਨਾ ਹੁੰਦਾ ਹੈ। ਪਾਸ ਹੋਣ ਦੇ ਲਈ ਉਮੀਦਵਾਰ ਨੂੰ 60 ਫੀਸਦੀ ਨੰਬਰ ਲਿਆਉਣਗੇ ਹੁੰਦੇ ਹਨ।

ਕਦੋਂ ਸ਼ੁਰੂ ਹੋਇਆ ਸੀ TET ਦਾ ਇਮਤਿਆਨ

2009 ਵਿੱਚ ਰਾਈਟ ਟੂ ਐਜੂਕੇਸ਼ਨ ਦੇ ਕਾਨੂੰਨ ਦੇ ਤਹਿਤ ਇਸ ਨੂੰ ਸ਼ਾਮਲ ਕੀਤਾ ਗਿਆ ਸੀ ।ਪਹਿਲੀ ਵਾਰ ਇਸ ਦਾ ਇਮਤਿਹਾਨ 2011 ਵਿੱਚ ਹੋਇਆ ਸੀ । ਪੰਜਾਬ ਵਿੱਚ ਇਸ ਪੇਪਰ ਨੂੰ ਸਿੱਖਿਆ ਵਿਭਾਗ ਦਾ ਅਧਾਰਾ SCERT ਯਾਨੀ State Council of Educational Research and Training ਵੱਲੋਂ ਕਰਵਾਇਆ ਜਾਂਦਾ ਹੈ । ਸਰਕਾਰ ਦਾ ਇਹ ਅਧਾਰਾ ਅੱਗੇ ਕਿਸੇ ਹੋਰ ਯੂਨੀਵਰਸਿਟੀ ਨੂੰ ਇਮਤਿਹਾਨ ਕਰਵਾਉਣ ਦੀ ਜ਼ਿੰਮੇਵਾਰੀ ਸੌਂਪ ਦਿੰਦਾ ਹੈ । 2023 ਦਾ TET ਦਾ ਪੰਜਾਬ ਵਿੱਚ ਇਮਤਿਹਾਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ ਸੀ । ਪੇਪਰ ਬਣਾਉਣ ਤੋਂ ਲੈਕੇ ਸੈਂਟਰ ਅਤੇ ਪੇਪਰ ਚੈੱਕ ਕਰਕੇ ਨਤੀਜੇ ਦੇਣ ਤੱਕ ਦਾ ਸਾਰਾ ਕੰਮ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਸੀ । ਅਜਿਹੇ ਵਿੱਚ ਜ਼ਿੰਮੇਵਾਰੀ ਸਿੱਧਾ-ਸਿੱਧਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਣ ਦੀ ਹੈ । ਸਿੱਖਿਆ ਮੰਤਰੀ ਨੂੰ ਇਸ ਪੂਰੀ ਪ੍ਰਕਿਆ ਨਾਲ ਜੁੜੇ ਸਾਰੇ ਲੋਕਾਂ ਦੀ ਜਾਂਚ ਕਰਨੀ ਹੋਵੇਗੀ । ਕਿਉਂਕਿ ਇਹ ਅਣਗੈਲੀ ਲੱਖਾ ਉਮੀਦਵਾਰਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਹੈ ।ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਇਸ ਤੋਂ ਤਹਿਸੀਲਦਾਰ ਦੇ ਪੇਪਰ ਵਿੱਚ ਵੱਡਾ ਘਪਲਾ ਹੋਇਆ ਸੀ ਜਿਸ ਦੀ ਗੱਲ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੰਨੀ ਵੀ ਸੀ । ਪਿਛਲੇ ਮਹੀਨੇ 12ਵੀਂ ਦੇ ਅੰਗਰੇਜ਼ੀ ਦਾ ਪੇਪਰ ਸ਼ੁਰੂ ਹੋਣ ਤੋਂ 1 ਘੰਟੇ ਪਹਿਲਾਂ ਇਸ ਲਈ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਪੇਪਰ ਲੀਕ ਹੋ ਗਿਆ ਸੀ ।