‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਲੈੱਕਟ੍ਰੀਕਲ ਵਹੀਕਲ ਕੰਪਨੀ ਟੇਸਲਾ ਅਮਰੀਕਾ ਵਿੱਚ ਆਪਣੀਆਂ ਚਾਰ ਲੱਖ 75 ਹਜ਼ਾਰ ਕਾਰਾਂ ਨੂੰ ਬਾਜ਼ਾਰ ਵਿੱਚੋਂ ਵਾਪਸ ਲੈਣ ਵਾਲੀ ਹੈ। ਕੰਪਨੀ ਨੇ ਕਿਹਾ ਕਿ ਉਹ 2017-2020 ਮਾਡਲ 3 ਟੇਸਲਾ ਦੀ 356,309 ਕਾਰਾਂ ਨੂੰ ਵਾਪਸ ਲੈ ਰਹੀ ਹੈ ਕਿਉਂਕਿ ਉਨ੍ਹਾਂ ਦੇ ਰਿਅਰ-ਵਿਊ ਕੈਮਰੇ ਵਿੱਚ ਗੜਬੜੀ ਹੋ ਸਕਦੀ ਹੈ। ਇਸ ਤੋਂ ਇਲਾਵਾ ਫਰੰਟ ਟਰੰਕ ਯਾਨਿ ਕਾਰ ਦੇ ਅਗਲੇ ਹਿੱਸੇ ਵਿੱਚ ਖਰਾਬੀ ਦੀ ਸ਼ੰਕਾ ਦੇ ਚੱਲਦਿਆਂ ਮਾਡਲ ਐਸ ਦੀ 119,009 ਗੱਡੀਆਂ ਨੂੰ ਵੀ ਵਾਪਸ ਲਿਆ ਜਾਵੇਗਾ।
ਸੂਤਰਾਂ ਦੀ ਜਾਣਕਾਰੀ ਮੁਤਾਬਕ ਟੇਸਲਾ ਜਿੰਨੀਆਂ ਕਾਰਾਂ ਵਾਪਸ ਲੈਣ ਵਾਲੀ ਹੈ, ਉਹ ਅੰਕੜੇ ਪਿਛਲੇ ਸਾਲ ਵੇਚੀਆਂ ਗਈਆਂ ਪੰਜ ਲੱਖ ਕਾਰਾਂ ਦੇ ਬਰਾਬਰ ਹੈ। ਇਸ ਮਹੀਨੇ ਦਿੱਤੀ ਗਈ ਸੁਰੱਖਿਆ ਰਿਪੋਰਟ ਦਾ ਅੰਦਾਜ਼ਾ ਹੈ ਕਿ ਵਾਪਸ ਲਏ ਗਏ ਮਾਡਲ 3 ਵਿੱਚੋਂ ਲਗਭਗ ਇੱਕ ਫ਼ੀਸਦ ਵਿੱਚ ਰਿਅਰ-ਵਿਊ ਕੈਮਰੇ ਵਿੱਚ ਗੜਬੜੀ ਹੋ ਸਕਦੀ ਹੈ। ਅਮਰੀਕਾ ਵਿੱਚ 21 ਦਸੰਬਰ ਨੂੰ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੂੰ ਸੌਂਪੀ ਗਈ ਰਿਪੋਰਟ ਮੁਤਾਬਕ ‘ਵਾਰ-ਵਾਰ ਟਰੰਕ ਲਿਡ ਖੋਲ੍ਹਣਾ’ ਰਿਅਰ ਵਿਊ ਕੈਮਰੇ ਨੂੰ ਫੀਡ ਦੇਣ ਵਾਲੀ ਤਾਰ ਨੂੰ ਖਰਾਬ ਕਰ ਸਕਦਾ ਹੈ। ਇਸ ਨਾਲ ਕੈਮਰੇ ‘ਤੇ ਫੀਡ ਨਾ ਮਿਲਣ ਨਾਲ ਟਕਰਾਅ ਦਾ ਖਤਰਾ ਵੱਧ ਸਕਦਾ ਹੈ। ਮਾਡਲ ਐੱਸ ਵਿੱਚ ਉਹ ਗੱਡੀਆਂ ਸ਼ਾਮਿਲ ਹਨ ਜੋ 2014-2021 ਦੇ ਵਿਚਕਾਰ ਬਣੀਆਂ ਹੋਈਆਂ ਹਨ।