India

ਦਿੱਲੀ ‘ਚ ਡਾਕਟਰਾਂ ਨੇ ਹੜ ਤਾਲ ਲਈ ਵਾਪਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ 14 ਦਿਨਾਂ ਤੋਂ ਚੱਲ ਰਹੀ ਰੈਜੀਡੈਂਟ ਡਾਕਟਰਾਂ ਦੀ ਹੜਤਾਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕਰੋਨਾ ਦੇ ਵੱਧਦੇ ਖਤਰੇ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੜਤਾਲ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਫੈਡਰੇਸ਼ਨ ਆਫ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਦੁਚਾਨੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਟ ਪੀਜੀ ਦੀ ਕਾਊਂਸਲਿੰਗ ਵਿੱਚ ਦੇਰੀ ਦੇ ਕਾਰਨ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਰੈਜੀਡੈਂਟ ਡਾਕਟਰਾਂ ਨੇ ਹੜਤਾਲ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ 30 ਦਸੰਬਰ ਨੂੰ ਐਸੋਸੀਏਸ਼ਨ ਦੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਕਈ ਬੈਠਕਾਂ ਹੋਈਆਂ। ਦਿੱਲੀ ਪੁਲਿਸ ਨੇ ਦੱਸਿਆ ਕਿ ਉਹ ਡਾਕਟਰਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹਨ।

ਸਿਹਤ ਮੰਤਰੀ ਨੇ ਇਸ ਗੱਲ ਉੱਤੇ ਸਹਿਮਤੀ ਜਤਾਈ ਹੈ ਕਿ ਮੰਤਰਾਲਾ 6 ਜਨਵਰੀ ਤੋਂ ਪਹਿਲਾਂ ਸਮਿਤੀ ਦੀ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪੇਗਾ ਅਤੇ ਕੋਰਟ ਦੀ ਸੁਣਵਾਈ ਤੋਂ ਬਾਅਦ ਨੀਟ ਪੀਜੀ 2021 ਦਾ ਕਾਊਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਨੀਟ ਪੀਜੀ ਕਾਊਂਸਲਿੰਗ ਵਿੱਚ ਦੇਰੀ ਹੋਣ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿੱਚ ਰੈਜੀਡੈਂਟ ਡਾਕਟਰ ਹੜਤਾਲ ‘ਤੇ ਸਨ। ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਰੈਜੀਡੈਂਟ ਡਾਕਟਰਾਂ ਅਤੇ ਦਿੱਲੀ ਪੁਲਿਸ ਵਿਚਕਾਰ ਟਕਰਾਅ ਵੀ ਹੋ ਗਿਆ ਸੀ।