ਆਗਰਾ: ਤਾਜਨਗਰੀ ਆਗਰਾ ‘ਚ ਸ਼ਾਹਗੰਜ ਇਲਾਕੇ ‘ਚ ਸਥਿਤ ਆਰ ਮਧੁਰਾਜ ਹਸਪਤਾਲ ‘ਚ ਬੁੱਧਵਾਰ ਤੜਕੇ ਭਿਆਨਕ ਅੱਗ ਲੱਗ(A fire broke out in a hospital in Agra )ਗਈ। ਇਸ ਹਾਦਸੇ ‘ਚ ਹਸਪਤਾਲ ਦੇ ਸੰਚਾਲਕ, ਉਸ ਦੀ ਬੇਟੀ ਅਤੇ ਬੇਟੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸਾਰਿਆਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਇਸ ਦੇ ਨਾਲ ਹੀ ਅੱਗ ਲੱਗਣ ਕਾਰਨ ਹਸਪਤਾਲ ਦੇ ਅੰਦਰ ਧੂੰਆਂ ਫੈਲ ਗਿਆ, ਜਿਸ ਕਾਰਨ ਮਰੀਜ਼ਾਂ ਵਿਚ ਭਗਦੜ ਮੱਚ ਗਈ।
ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਹਸਪਤਾਲ ਵਿੱਚ 7 ਮਰੀਜ਼ ਦਾਖਲ ਸਨ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਅਮਲੇ ਨੇ ਬਾਹਰ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਹਸਪਤਾਲ ਗਰਾਊਂਡ ਫਲੋਰ ‘ਤੇ ਹੈ, ਜਦਕਿ ਸੰਚਾਲਕ ਡਾਕਟਰ ਰਾਜਨ ਆਪਣੇ ਪਰਿਵਾਰ ਨਾਲ ਪਹਿਲੀ ਮੰਜ਼ਿਲ ‘ਤੇ ਰਹਿੰਦੇ ਹਨ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਅੱਗ ਸਵੇਰੇ ਕਰੀਬ 5 ਵਜੇ ਲੱਗੀ, ਜਿਸ ਤੋਂ ਬਾਅਦ ਧੂੰਆਂ ਭਰ ਗਿਆ। ਮੌਕੇ ‘ਤੇ ਰੌਲਾ ਪੈ ਗਿਆ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਿੰਨ ਲੋਕਾਂ ਨੂੰ ਬਚਾਇਆ ਪਰ ਡਾਕਟਰ ਰਾਜਨ ਦਾ ਪਰਿਵਾਰ ਪਹਿਲੀ ਮੰਜ਼ਿਲ ‘ਤੇ ਹੀ ਫਸ ਗਿਆ। ਇਸ ਹਾਦਸੇ ਵਿੱਚ ਡਾਕਟਰ ਰਾਜਨ, ਉਸ ਦੀ 15 ਸਾਲਾ ਬੇਟੀ ਸ਼ਾਲੂ ਅਤੇ ਪੁੱਤਰ ਰਿਸ਼ੀ ਗੰਭੀਰ ਰੂਪ ਵਿੱਚ ਝੁਲਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਪਹਿਲੀ ਮੰਜ਼ਿਲ ‘ਤੇ ਲੱਗੀ ਅਤੇ ਹੌਲੀ-ਹੌਲੀ ਪੂਰੀ ਇਮਾਰਤ ‘ਚ ਫੈਲ ਗਈ।