Punjab

Moosewala ਦੇ ਪਰਿਵਾਰ ਨੇ ਕੇਸ ਸ਼ਿਫਟ ਕਰਨ ਦੀ ਕੀਤੀ ਮੰਗ

sidhu moose wala case,

sidhu moose wala case : ਗੈਂਗਸਟਰ ਦੀਪਕ ਟੀਨੂ ਦੇ ਮਾਨਸਾ ਤੋਂ ਪੁਲੀਸ ਦੀ ਹਿਰਾਸਤ ’ਚੋਂ ਭੱਜਣ ਦੇ ਤੀਜੇ ਦਿਨ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਤੇ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਯਕੀਨੀ ਬਣਾਉਣ ਲਈ ਚਾਰ ਮੈਂਬਰੀ ਵਿਸ਼ੇਸ਼ ਕਮੇਟੀ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ। ਇਸ ਐੱਸਆਈਟੀ ਵਿੱਚ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ (ਆਈਜੀਪੀ) ਐਮ.ਐਸ ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ ਜਦਕਿ ਤਿੰਨ ਮੈਂਬਰਾਂ ’ਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਓਪਿੰਦਰਜੀਤ ਸਿੰਘ, ਐੱਸਐੱਸਪੀ ਮਾਨਸਾ ਗੌਰਵ ਤੂਰਾ ਤੇ ਡੀਐੱਸਪੀ (ਏਜੀਟੀਐੱਫ) ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਇਸ ਸਿਟ ਨੂੰ ਪੂਰੀ ਸਹਾਇਤਾ ਕਰਨਗੇ ਜਦੋਂਕਿ ‘ਸਿਟ’ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਨੂੰ ਵੀ ਸਹਾਇਤਾ ਲਈ ਚੁਣ ਸਕਦੀ ਹੈ।

ਪੰਜਾਬ ਪੁਲੀਸ ਦੇ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਡੀਜੀਪੀ ਨੇ ਕਿਹਾ ਕਿ ਐੱਸਆਈਟੀ ਇਸ ਮਾਮਲੇ ਦੀ ਰੋਜ਼ਾਨਾ ਜਾਂਚ ਕਰੇਗੀ ਤੇ ਜਿਨ੍ਹਾਂ ਖ਼ਿਲਾਫ਼ ਸਬੂਤ ਰਿਕਾਰਡ ’ਤੇ ਆਉਂਦੇ ਹਨ, ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਮੁਲਜ਼ਮ ਗੈਂਗਸਟਰ ਦੀਪਕ ਟੀਨੂ ਦੇ ਸੀਆਈਏ ਮਾਨਸਾ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਕਰੀਬ 70 ਘੰਟੇ ਬਾਅਦ ਵੀ ਪੰਜਾਬ ਪੁਲੀਸ ਉਸ ਦਾ ਕੋਈ ਸੁਰਾਗ ਨਹੀਂ ਲਾ ਸਕੀ,ਪਰ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਪਾਸੋਂ ਵਰਤੀ ਗਈ ਕਾਰ ਅਤੇ ਤਿੰਨ ਪਿਸਤੌਲ ਬਰਾਮਦ ਕਰ ਲਏ ਹਨ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਮਾਮਲੇ ’ਚ ਗਾਇਕ ਦੇ ਮਾਪਿਆਂ ਨੇ ਮਾਨਸਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਉਂਗਲ ਖੜ੍ਹੀ ਕੀਤੀ ਹੈ। ਉਨ੍ਹਾਂ ਮਾਨਸਾ ਪੁਲੀਸ ਦੀ ਭੂਮਿਕਾ ਨੂੰ ਸ਼ੱਕੀ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੇਸ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਨੂੰ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਮਾਨਸਾ ਪੁਲੀਸ ’ਤੇ ਭੋਰਾ ਵੀ ਯਕੀਨ ਨਹੀਂ ਹੈ।

ਪਿੰਡ ਮੂਸਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਮਾਨਸਾ ਪੁਲੀਸ ਗੈਂਗਸਟਰਾਂ ਦੀ ਆਓ-ਭਗਤ ਕਰਦੀ ਹੈ ਅਤੇ ਅੰਦਰਖਾਤੇ ਉਨ੍ਹਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ’ਤੇ ਉਨ੍ਹਾਂ ਦਾ ਸ਼ੱਕ ਦੀਪਕ ਟੀਨੂ ਦੇ ਅਸਾਨੀ ਨਾਲ ਫਰਾਰ ਹੋਣ ਤੋਂ ਬਾਅਦ ਯਕੀਨ ਵਿੱਚ ਬਦਲ ਗਿਆ ਹੈ। ਸੀਆਈਏ ਦੇ ਇੰਚਾਰਜ ਦੇ ਚਿਹਰੇ ਦੀ ਬੇਫ਼ਿਕਰੀ ਕਈ ਸਵਾਲ ਖੜ੍ਹੇ ਕਰਦੀ ਹੈ।