‘ਦ ਖ਼ਾਲਸ ਬਿਊਰੋ :- ਪੰਜਾਬ ਯੂ ਟੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਪਟਿਆਲਾ ਵਿੱਚ ਕੀਤੀ ਵਿਸ਼ਾਲ ਰੈਲੀ ਤੋਂ ਬਾਅਦ ਸਰਕਾਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ‘ਤੇ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਕੈਬਨਿਟ ਕਮੇਟੀ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਸਰਕਾਰ ਮੁਲਾਜ਼ਮ ਮੰਗਾਂ ਬਾਰੇ ਕੀ ਰੁਖ ਅਖਤਿਆਰ ਕਰਦੀ ਹੈ, ਇਹ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਧਿਆਨ ਦੇਣ ਦੀ ਕੀਤੀ ਨਸੀਅਤ ਦਾ ਹੁਣ ਕੀ ਅਸਰ ਪਵੇਗਾ, ਇਹ ਅੱਜ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਮੁਲਾਜ਼ਮਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਰੋਸ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦਾ ਸਰਕਾਰ ਉੱਪਰ ਵੀ ਭਾਰੀ ਦਬਾਅ ਦਿਖਾਈ ਦੇ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਨੂੰ ਦੇਖਦਿਆਂ ਸਰਕਾਰ ਕੋਈ ਵੱਡਾ ਹਾਂ ਪੱਖੀ ਕਦਮ ਚੁੱਕਣ ਦੀ ਹਾਲਤ ਵਿੱਚ ਨਹੀਂ ਲੱਗਦੀ।