Punjab

ਨਵਜੋਤ ਸਿੱਧੂ ਨੂੰ ਪਹਿਲਾ ਝਟਕਾ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਫੇਰੀ ਦੇ ਪਹਿਲੇ ਦਿਨ ਤਿੰਨ ਜ਼ਿਲ੍ਹਿਆਂ ਦੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਪਹਿਲੀ ਮੀਟਿੰਗ ਲੁਧਿਆਣਾ ਅਤੇ ਦੂਜੀ ਜਲੰਧਰ ਵਿੱਚ ਰੱਖੀ ਗਈ ਸੀ। ਕੱਲ੍ਹ ਦੀ ਤੀਜੀ ਕਪੂਰਥਲਾ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ਵਿੱਚ ਸਿਰਫ ਇੱਕ ਵਿਧਾਇਕ ਹੀ ਪਹੁੰਚਿਆ, ਜਿਸ ਨਾਲ ਨਵੇਂ ਬਣੇ ਪ੍ਰਧਾਨ ਦੀ ਮਕਬੂਲੀਅਤ ‘ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ।

ਸਿੱਧੂ ਵੱਲੋਂ ਜਲੰਧਰ ਦੇ ਕਾਂਗਰਸ ਭਵਨ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੀ ਮੀਟਿੰਗ ਰੱਖੀ ਮੀਟਿੰਗ ਵਿੱਚ ਫਗਵਾੜਾ ਤੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਚੇਅਰਮੈਨ ਪੰਜਾਬ ਐਗਰੋ ਜੋਗਿੰਦਰ ਸਿੰਘ ਮਾਨ ਤੋਂ ਬਿਨ੍ਹਾਂ ਇੱਕ ਹੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਪਹੁੰਚੇ ਪਰ ਕਪੁਰਥਲਾ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਤੇ ਕੁੱਝ ਦਿਨ ਪਹਿਲਾਂ ਆਪ ਛੱਡ ਕੇ ਕਾਂਗਰਸ ਵਿੱਚ ਆਏ ਸੁਖਪਾਲ ਸਿੰਘ ਖਹਿਰਾ ਨਹੀਂ ਆਏ|

ਰਾਣਾ ਗੁਰਜੀਤ ਸਿੰਘ ਮੁੱਖ ਮੰਤਰੀ ਦੇ ਕਰੀਬੀ ਦੱਸੇ ਜਾਂਦੇ ਹਨ ਅਤੇ ਉਹਨਾਂ ਨੂੰ ਕੈਬਨਿਟ ਵਿੱਚ ਮੁੜ ਲਏ ਜਾਣ ਦੀ ਪੂਰੀ ਉਮੀਦ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੰਤਰੀ ਮੰਡਲ ਵਿੱਚ ਆਪਣਾ ਨਾਮ ਸ਼ਾਮਲ ਕਰਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਉੱਧਰ ਸੁਖਪਾਲ ਸਿੰਘ ਖਹਿਰਾ ਵੀ ਸਿੱਧੂ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਤਾਂ ਜੋ ਉਹ ਮੁੱਖ ਮੰਤਰੀ ਦੀਆਂ ਅੱਖਾਂ ਵਿੱਚ ਰੜਕਣ ਨਾ ਲੱਗ ਜਾਣ।