ਤਰਨ ਤਾਰਨ : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਵੇਈਂਪੂਈਂ ਵਿੱਚ ਬੀਤੀ ਦੇਰ ਸ਼ਾਮ ਇੱਕ ਨਿਹੰਗ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਵੇਈਂਪੂਈਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਨਿਹੰਗ ਸਿੰਘ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਹਮਲਾਵਰਾਂ ਵੱਲੋਂ ਨਿਹੰਗ ਸਿੰਘ ਦੇ ਲੜਕੇ ‘ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਜੰਝਘਰ ਸਬੰਧੀ ਪਿਛਲੇ ਸਮੇਂ ਤੋਂ ਦੋ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਮ੍ਰਿਤਕ ਦੇ ਪੁੱਤਰ ਨਿਸ਼ਾਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਸ਼ਾਮ ਉਹ ਆਪਣੇ ਪਿਤਾ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਪਿੰਡ ਦੇ ਜੰਝਘਰ ਕੋਲ ਆਪਣੇ ਸਾਥੀਆਂ ਨਾਲ ਮੌਜੂਦ ਅਕਾਸ਼ਦੀਪ ਸਿੰਘ ਤੇ ਦਲਬੀਰ ਸਿੰਘ ਨੇ ਉਨ੍ਹਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਉਸ ਦੇ ਪਿਤਾ ਦੇ ਸਿਰ ਵਿੱਚ ਲੱਗੀ ਅਤੇ ਇਕ ਗੋਲੀ ਉਸ ਦੇ ਸਿਰ ਕੋਲੋਂ ਖਹਿ ਕੇ ਲੰਘ ਗਈ।
ਜ਼ਖ਼ਮੀ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਵਾਸੀ ਦਲਬੀਰ ਸਿੰਘ, ਉਸ ਦਾ ਲੜਕਾ ਅਕਾਸ਼ਦੀਪ ਸਿੰਘ ਤੇ ਹੋਰ ਲੋਕ ਬੀਤੇ ਕੁਝ ਸਮੇਂ ਤੋਂ ਪਿੰਡ ਵਿੱਚ ਸਾਂਸ਼ੀ ਬਰਾਦਰੀ ਦੇ ਲੋਕਾਂ ਲਈ ਬਣਾਏ ਗਏ ਜੰਝਘਰ ’ਤੇ ਕਬਜ਼ਾ ਕਰਨ ਦੇ ਯਤਨ ਕਰ ਰਹੇ ਹਨ, ਜਿਸ ਦਾ ਬਰਾਦਰੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਦਲਬੀਰ ਸਿੰਘ ਤੇ ਅਕਾਸ਼ਦੀਪ ਸਿੰਘ ਕਈ ਵਾਰ ਸੁਖਵਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਚੁੱਕੇ ਸਨ, ਜਿਸ ਸਬੰਧੀ ਬੀਤੀ 2 ਦਸੰਬਰ ਨੂੰ ਗੋਇੰਦਵਾਲ ਸਾਹਿਬ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਦੋਸ਼ ਲਾਇਆ ਕਿ ਦਲਬੀਰ ਸਿੰਘ ਤੇ ਅਕਾਸ਼ਦੀਪ ਸਿੰਘ ਨੇ ਰੰਜਿਸ਼ ਤਹਿਤ ਆਪਣੇ ਸਾਥੀਆਂ ਨਾਲ ਰਲ ਕੇ ਸੁਖਵਿੰਦਰ ਸਿੰਘ ਦਾ ਕਤਲ ਕੀਤਾ ਹੈ। ਡੀਐੱਸਪੀ ਅਰੁਣ ਸ਼ਰਮਾ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਦੋਂ ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਰਾਜਿੰਦਰ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਅਧਿਕਾਰੀ ਨੇ ਵਟਸਐਪ ’ਤੇ ਭੇਜੇ ਸੰਦੇਸ਼ ਦਾ ਵੀ ਜਵਾਬ ਨਹੀਂ ਦਿੱਤਾ। ਪਿੰਡ ਵਾਸੀ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।