ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਟ੍ਰਿਪਲ ਮਡਰ ਦੀ ਵਾਰਦਾਤ ਵਾਪਰੀ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤੁੰਗ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਔਰਤਾਂ ਤੇ ਇਕ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹਰੀਕੇ ਦੀ ਪੁਲਿਸ ਮੌਕੇ ‘ਤੇ ਪਹੁੰਚੇ। ਡੀ.ਐੱਸ.ਪੀ. ਭੱਟੀ ਜਸਪਾਲ ਸਿੰਘ ਢਿੱਲੋਂ ਸਮੇਤ ਥਾਣਾ ਹਰੀਕੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਹਰੀਕੇ ਫਾਲ ਖੇਤਰ ਅਧੀਨ ਪੈਂਦੇ ਪਿੰਡ ਤੁੰਗ ‘ਚ ਬੀਤੀ ਰਾਤ ਪਤੀ-ਪਤਨੀ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਤੇ ਭਰਜਾਈ ਸੀਤਾ ਕੌਰ ਵਜੋਂ ਹੋਈ ਹੈ। ਤਿੰਨਾਂ ਦੀਆਂ ਲਾਸ਼ਾਂ ਅਲੱਗ-ਅਲੱਗ ਕਮਰਿਆਂ ਵਿੱਚ ਮਿਲੀਆਂ ਸਨ ਅਤੇ ਉਨ੍ਹਾਂ ਦੇ ਚਿਹਰੇ ਟੇਪ ਨਾਲ ਢਕੇ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਹੈ, ਜਿਸ ਦੀ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਹੈ। ਮ੍ਰਿਤਕ ਇਕਬਾਲ ਸਿੰਘ ਦਾ ਲੜਕਾ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਲੜਕੀਆਂ ਵਿਆਹੀਆਂ ਹੋਈਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ, ਜਿਸ ਨੂੰ ਕੰਮ ਲਈ ਲੰਬੇ ਸਮੇਂ ਤੋਂ ਘਰ ਵਿੱਚ ਰੱਖਿਆ ਗਿਆ ਸੀ, ਕਤਲ ਕਰਨ ਤੋਂ ਬਾਅਦ ਫ਼ਰਾਰ ਹੈ, ਜਿਸ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਬੀਤੇ ਦਿਨੀਂ ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਦੇਰ ਰਾਤ ਇੱਕ ਜਿੰਮ ਮਾਲਕ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਰਣਜੀਤ ਸਿੰਘ ਕਰੀਬ ਅੱਠ ਸਾਲ ਵਿਦੇਸ਼ ‘ਚ ਕੰਮ ਕਰਨ ਤੋਂ ਬਾਅਦ ਸੱਤ ਮਹੀਨੇ ਪਹਿਲਾਂ ਹੀ ਪਿੰਡ ਪਰਤਿਆ ਸੀ ਅਤੇ ਜਿੰਮ ਚਲਾਉਂਦਾ ਸੀ। ਸੋਮਵਾਰ ਰਾਤ ਕਰੀਬ 1.30 ਵਜੇ ਦੋ ਅਣਪਛਾਤੇ ਵਿਅਕਤੀ ਰਣਜੀਤ ਸਿੰਘ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।