The Khalas Tv Blog Punjab ਸਹਰਾਲੀ ਥਾਣੇ ‘ਤੇ ਰਾਕੇਟ ਲਾਂਚਰ ਨਾਲ ਹਮਲੇ ਤੋਂ ਬਾਅਦ ਪੁਲਿਸ ਲਾਪਰਵਾਹੀ ਦੇ ਕਿਹੜੇ ਸਬੂਤ ਮਿਟਾਏ ਗਏ ? DGP ਨੇ ਦੱਸਿਆ ਹਮਲੇ ਦਾ ਮਕਸਦ
Punjab

ਸਹਰਾਲੀ ਥਾਣੇ ‘ਤੇ ਰਾਕੇਟ ਲਾਂਚਰ ਨਾਲ ਹਮਲੇ ਤੋਂ ਬਾਅਦ ਪੁਲਿਸ ਲਾਪਰਵਾਹੀ ਦੇ ਕਿਹੜੇ ਸਬੂਤ ਮਿਟਾਏ ਗਏ ? DGP ਨੇ ਦੱਸਿਆ ਹਮਲੇ ਦਾ ਮਕਸਦ

ਬਿਊਰੋ ਰਿਪੋਰਟ : 7 ਮਹੀਨੇ ਦੇ ਅੰਦਰ ਰਾਕੇਟ ਲਾਂਚਰ ਅਤੇ RPG ਨਾਲ ਦੂਜੀ ਵਾਰ ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਵੱਡੀ ਚੁਣੌਤੀ ਦਿੱਤੀ ਗਈ ਹੈ । ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ‘ਤੇ ਰਾਤ ਸਾਢੇ 11 ਵਜੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਸਿਰਫ਼ ਪੁਲਿਸ ਚੌਕੀ ਦੇ ਸ਼ੀਸ਼ੇ ਟੁੱਟੇ ਹਨ । ਪਰ ਇਸ ਨੂੰ ਲੈਕੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਜਿਸ ਨੂੰ ਲੈਕੇ ਸਵਾਲ ਜ਼ਰੂਰ ਖੜੇ ਹੋਏ ਹਨ । ਸਭ ਤੋਂ ਵੱਡਾ ਸਵਾਲ ਪੁਲਿਸ ਸਟੇਸ਼ਨ ਦੇ ਬਾਹਰ ਲੱਗੇ ਪੋਸਟਰ ਨੂੰ ਲੈਕ ਉੱਠ ਰਹੇ ਹਨ। ਕੱਲ ਤੱਕ ਥਾਣੇ ਦੀ ਦੀਵਾਰ ‘ਤੇ ssp ਦੇ ਨਿਰਦੇਸ਼ਾਂ ਦਾ ਇੱਕ ਪੋਸਟਰ ਲੱਗਿਆ ਸੀ ਜਿਸ ‘ਤੇ ਲਿਖਿਆ ਸੀ ਕਿ ਸਹਰਾਲੀ ਥਾਣੇ ਨੂੰ ਖਤਰਾਂ ਹੈ ਅਤੇ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ 24 ਘੰਟੇ LNG ਦੇ ਨਾਲ ਪੁਲਿਸ ਮੁਲਾਜ਼ਮ ਦੀ ਤੈਨਾਤੀ ਜ਼ਰੂਰੀ ਹੈ । ਪਰ ਇਸ ਦੇ ਬਾਵਜੂਦ ਥਾਣੇ ਦੀ ਸੁਰੱਖਿਆ ਨੂੰ ਲੈਕੇ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ । SSP ਵੱਲੋਂ ਜਾਰੀ ਇਹ ਅਲਰਟ 15 ਅਕਤੂਬਰ 2022 ਤੋਂ ਲੱਗਿਆ ਸੀ। ਹਮਲੇ ਤੋਂ ਬਾਅਦ ਜਦੋਂ DGP ਗੌਰਵ ਯਾਦਵ ਸਰਹਾਲੀ ਥਾਣੇ ਪਹੁੰਚੇ ਤਾਂ ਇਸ ਤੋਂ ਪਹਿਲਾਂ ਹੀ ਇਸ ਨੋਟਿਸ ਵਾਲੇ ਪੋਸਟਰ ਨੂੰ ਪਾੜ ਦਿੱਤਾ ਗਿਆ । ਡੀਜੀਪੀ ਗੌਰਵ ਯਾਦਵ ਤੋਂ ਵੀ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਿਰਫ਼ ਸਹਿਰਾਲੀ ਥਾਣੇ ਨੂੰ ਹੀ ਖਤਰਾਂ ਨਹੀਂ ਸੀ ਬਲਕਿ ਹੋਰ ਥਾਣਿਆਂ ਨੂੰ ਵੀ ਧਮਕੀ ਮਿਲੀ ਹੈ ਪਰ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਉਹ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਡੀਜੀਪੀ ਸਾਹਿਬ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਸਨ ਤਾਂ ਸਹਿਰਾਲੀ ਥਾਣੇ ਦੇ ਬਾਹਰ ਅਲਰਟ ਦਾ ਪੋਸਟਰ ਕਿਉਂ ਜਨਤਕ ਤੌਰ ‘ਤੇ ਲੱਗਿਆ ਸੀ ? ਅਤੇ ਇਸ ਨੂੰ ਬਾਅਦ ਵਿੱਚੋਂ ਫਾੜ ਕਿਉਂ ਦਿੱਤਾ ਗਿਆ ? ਸਭ ਤੋਂ ਵੱਡਾ ਸਵਾਲ ਇਹ ਹੈ ਕਿ 2 ਦਿਨ ਪਹਿਲਾਂ ਹੀ ਅਲਰਟ ਜਾਰੀ ਹੋਇਆ ਸੀ ਕਿ ਪੰਜਾਬ ਪੁਲਿਸ ਅਤੇ ਸਰਕਾਰੀ ਬਿਲਡਿੰਗ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਇਸੇ ਮਕਸਦ ਦੇ ਨਾਲ ਡੀਜੀਪੀ ਗੌਰਵ ਯਾਦਵ ਨੇ 8 ਦਸੰਬਰ ਨੂੰ STF ਚੀਫ਼,ADGP ਸੁਰੱਖਿਆ,ਸ਼ਹਿਰਾਂ ਦੇ ਕਮਿਸ਼ਨਰਾਂ ਅਤੇ SSP ਨਾਲ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਲਈ ਅਹਿਮ ਮੀਟਿੰਗ ਕੀਤੀ ਸੀ। ਸਰਹਾਲੀ ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਵਾਲਿਆਂ ਦਾ ਕੀ ਮਕਸਦ ਸੀ ਇਸ ਬਾਰੇ ਵੀ ਡੀਜੀਪੀ ਗੌਰਵ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ ।

ਸਰਹਾਲੀ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਨੂੰ ਡੀਜੀਪੀ ਗੌਰਵ ਯਾਦਵ ਨੇ ਵੱਡੀ ਸਾਜਿਸ਼ ਦੱਸਿਆ ਹੈ । ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪੁਲਿਸ ਦਾ ਧਿਆਨ ਭਟਕਾਉਣ ਦੇ ਲਈ ਇਹ ਹਮਲਾ ਕੀਤਾ ਗਿਆ ਹੋਵੇ, ਸਰਹੱਦ ਪਾਰ ਬੈਠੇ ਦੁਸ਼ਮਣ ਨੇ ਇਸੇ ਲਈ ਰਾਤ ਨੂੰ ਹਮਲਾ ਕੀਤਾ ਹੈ । ਉਨ੍ਹਾਂ ਕਿਹਾ ਇਸ ਸਾਲ 200 ਤੋਂ ਵੱਧ ਡਰੋਨ ਪੰਜਾਬ ਦੀਆਂ ਸਰਹੱਦਾਂ ‘ਤੇ ਭੇਜੇ ਗਏ ਹਨ। ਇਹ ਵੱਡੀ ਸਾਜਿਸ਼ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ ਪਰ BSF ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਅਜਿਹੀ ਕਈ ਸਾਜਿਸ਼ਾਂ ਨੂੰ ਨਾਕਾਮ ਕੀਤਾ ਹੈ। ਡੀਜੀਪੀ ਨੂੰ ਪੁੱਛਿਆ ਗਿਆ ਕਿ ਕੈਨੇਡਾ ਬੈਠੇ ਲੰਡਾ ਹਰੀਕੇ ਨੇ ਕੁਝ ਦਿਨ ਪਹਿਲਾਂ ਹਮਲੇ ਦੀ ਚਿਤਾਵਨੀ ਦਿੱਤੀ ਸੀ ਅਤੇ ਇਹ ਉਸ ਦਾ ਹੀ ਇਲਾਕਾ ਹੈ,ਤਾਂ ਡੀਜੀਪੀ ਨੇ ਕਿਹਾ ਅਸੀਂ ਸਾਰਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਤੇ ਇੱਕ-ਇੱਕ ਕਰਕੇ ਸਾਰਿਆਂ ਨੂੰ ਵਿਦੇਸ਼ ਤੋਂ ਫੜ ਕੇ ਵਾਪਸ ਲਿਆਵਾਂਗੇ । ਜਦੋਂ ਡੀਜੀਪੀ ਨੂੰ ਗੋਲਡੀ ਬਰਾੜ ਦੇ ਫੜੇ ਜਾਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਗੇਂਦ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਵਿੱਚ ਸੁੱਟ ਦਿੱਤੀ ਅਤੇ ਕਿਹਾ ਸੀਐੱਮ ਸਾਬ੍ਹ ਪਹਿਲਾਂ ਹੀ ਇਸ ‘ਤੇ ਬਿਆਨ ਦੇ ਚੁੱਕੇ ਹਨ। ਸਾਫ਼ ਹੈ ਕਿ ਡੀਜੀਪੀ ਵੀ ਗੋਲਡੀ ਬਰਾੜ ਦੀ ਗਿਰਫ਼ਤਾਰੀ ਨੂੰ ਲੈਕੇ ਦੁਬਿਧਾ ਵਿੱਚ ਹਨ,ਇਹ ਵੱਡਾ ਸਵਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਦਾਅਵੇ ‘ਤੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਹੈ । ਪੰਜਾਬ ਦੇ ਕਾਨੂੰਨੀ ਹਾਲਾਤਾਂ ਬਾਰੇ ਜਦੋਂ ਡੀਜੀਪੀ ਸਾਬ੍ਹ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ UP ਅਤੇ ਬਿਹਾਰ ਦੀ ਤੁਲਨਾ ਪੰਜਾਬ ਨਾਲ ਕਰਕੇ ਪੁਲਿਸ ਦੀ ਪਿੱਠਥਾਪੜੀ ।

ਪੰਨੂ ਨੇ ਲਈ ਜ਼ਿੰਮੇਵਾਰੀ

SFJ ਦੇ ਗੁਰਪਤਵੰਤ ਸਿੰਘ ਪੰਨੂ ਸਰਹਾਲੀ ਥਾਣੇ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ । ਭਾਸਕਰ ਵਿੱਚ ਛੱਪੀ ਖ਼ਬਰ ਮੁਤਾਬਿਕ ਪੰਨੂ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਦੇ ਲਤੀਫਪੁਰ ਵਿੱਚ ਜਿਸ ਤਰ੍ਹਾਂ 1947 ਤੋਂ ਵਸੇ ਨਾਗਰਿਕਾਂ ਨੂੰ ਬੇਘਰ ਕੀਤਾ ਹੈ ਅਸੀਂ ਉਸ ਦਾ ਬਦਲਾ ਲਿਆ ਹੈ । ਇਸ ਤੋਂ ਇਲਾਵਾ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿੱਤੀ ਹੈ । ਉਸ ਨੇ ਕਿਹਾ ਮਾਨ ਬੇਅੰਤ ਸਿੰਘ ਦੀ ਰਾਹ ‘ਤੇ ਚੱਲ ਰਹੇ ਹਨ।

ਮੋਹਾਲੀ ਵਿੱਚ ਹੋਇਆ ਸੀ ਹਮਲਾ

7 ਮਹੀਨੇ ਪਹਿਲਾਂ ਮੋਹਾਲੀ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਵੀ ਇਸੇ ਤਰ੍ਹਾਂ RPG ਨਾਲ ਹਮਲਾ ਹੋਇਆ ਸੀ । ਇਹ ਹਮਲਾ ਵੀ ਰਾਤ ਵੇਲੇ ਹੋਇਆ ਜਦੋਂ ਬਿਲਡਿੰਗ ਵਿੱਚ ਕੋਈ ਨਹੀਂ ਸੀ। ਹਮਲੇ ਵਿੱਚ ਬਿਲਡਿੰਗ ਦੇ ਸ਼ੀਸ਼ੇ ਟੁੱਟੇ ਸਨ । ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਤਰਨਤਾਰਨ,ਮੋਹਾਲੀ ਅਤੇ ਸੂਬੇ ਦੇ ਹੋਰ ਹਿੱਸਿਆਂ ਤੋਂ 5 ਲੋਕਾਂ ਦੀ ਗਿਰਫ਼ਤਾਰੀ ਕੀਤੀ ਸੀ ਜਿੰਨਾਂ ਨੇ ਮਿਲਕੇ RPG ਅਟੈਕ ਨੂੰ ਅੰਜਾਮ ਦਿੱਤਾ ਸੀ । ਇਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਲੰਡਾ ਨੇ ਲਈ ਸੀ ।

Exit mobile version