‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਇੱਥੇ ਸਰਕਾਰ ਬਣਨ ਨੂੰ ਲੈ ਕੇ ਹਾਲੇ ਵੀ ਭੰਬਲਭੂਸਾ ਬਣਿਆ ਹੋਇਆ ਹੈ।ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਇਹ ਸਵਾਲ ਉਨ੍ਹਾਂ ਨੂੰ ਮੀਡੀਆ ਨੇ ਵੀ ਪੁੱਛਿਆ ਪਰ ਉਹ ਕੋਈ ਪੱਕੀ ਤਰੀਕ ਨਹੀਂ ਦੱਸ ਸਕੇ। ਉਨ੍ਹਾਂ ਦਾ ਇੰਨਾ ਜਰੂਰ ਕਹਿਣਾ ਸੀ ਕਿ ਸਰਕਾਰ ਕਿਸੇ ਵੀ ਵੇਲੇ ਬਣਾਈ ਜਾ ਸਕਦੀ ਹੈ। ਹਾਲਾਂਕਿ ਇਹ ਜਰੂਰ ਹੈ ਕਿ ਤਾਲਿਬਾਨ ਦਾ ਅਫਗਾਨ ਉੱਤੇ ਕਬਜਾ ਹੋਣ ਮਗਰੋਂ ਔਰਤਾਂ ਅਧਿਕਾਰਾਂ, ਮਨੁੱਖੀ ਅਧਿਕਾਰ ਕੇ ਰਾਜਨੀਤਿਕ ਆਜ਼ਾਦੀ ਦੇ ਕੀ ਅਰਥ ਹੋਣਗੇ, ਇਸ ਉੱਤੇ ਜ਼ਰੂਰ ਚਿੰਤਾ ਕੀਤੀ ਜਾ ਰਹੀ ਹੈ।
ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਚਮਨ ਤੇ ਤੋਰਖਮ ਬਾਰਡਰ ਕਰਾਸਿੰਗ ਉੱਤੇ ਪਾਕਿਸਤਾਨ ਵਿੱਚ ਅਫਗਾਨ ਲੋਕਾਂ ਦੇ ਜਾਣ ਦੀਆਂ ਕੋਸ਼ਿਸ਼ਾਂ ਦੇ ਮੁੱਦੇ ਵੀ ਉੱਠੇ ਹਨ।ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਲੜਾਕਿਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਲਾਂਘੇ ਨੂੰ ਲੈ ਕੇ ਕੋਈ ਅੜਿੱਕਾ ਨਾ ਪੈਦਾ ਕਰਨ।
ਉੱਧਰ, ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਹੈ ਕਿ ਪੰਜਸ਼ੀਰ ਉੱਤੇ ਕਬਜ਼ਾ ਹੋ ਗਿਆ ਹੈ ਕਿ ਤੇ ਵਿਰੋਧੀ ਧਿਰਾਂ ਦੇ ਲੀਡਰਾਂ ਦਾ ਕੁੱਝ ਪਤਾ ਨਹੀਂ ਹੈ। ਦੂਜੇ ਬੰਨੇਂ ਤਾਲਿਬਾਨ ਵਿਰੋਧੀ ਨੈਸ਼ਨਲ ਰੇਸਿਸਟੈਂਸ ਫਰੰਟ ਦੇ ਲੀਡਰ ਅਹਿਮਦ ਮਸੂਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਹਨ।
ਤਾਲਿਬਾਨ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਜਦੋਂ ਕਾਬੁਲ ਦਾ ਏਅਰਪੋਰਟ ਛੱਡਿਆ ਤਾਂ ਬੁਹਤ ਨੁਕਸਾਨ ਪਹੁੰਚਾਇਆ ਹੈ।ਕਾਬੁਲ ਵਿੱਚ ਹੁਣ ਘਰੇਲੂ ਉਡਾਨਾਂ ਸ਼ੁਰੂ ਹੋ ਗਈਆਂ ਹਨ ਤੇ ਹੁਣ ਉਡੀਕ ਹੈ ਕਿ ਅੰਤਰਰਾਸ਼ਟਰੀ ਉਡਾਨਾਂ ਵੀ ਸ਼ੁਰੂ ਹੋ ਜਾਣ।