India Punjab

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ : ਜਥੇਦਾਰ, ਹੈੱਡ ਗ੍ਰੰਥੀ ਤੇ ਮੈਨੇਜਰ ਦੋਸ਼ੀ ਕਰਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਅੱਜ ਸਿੱਖ ਜਥੇਬੰਦੀਆਂ ਨੇ ਬੁਲਾਏ ਇਕੱਠ ਦੌਰਾਨ ਮਤਾ ਪਾਸ ਕਰਕੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ ਅਤੇ ਦੋਵੇਂ ਲੋਕਲ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਅਸਤੀਫਿਆਂ ਦੀ ਮੰਗ ਵੀ ਕਰ ਦਿੱਤੀ ਹੈ। ਇਸ ਦੌਰਾਨ ਸੰਗਤ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਹੱਥ ਖੜ੍ਹੇ ਕਰਕੇ ਮਤੇ ਲਈ ਸਹਿਮਤੀ ਦਿੰਦਿਆਂ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਿਆਂ ਦੀ ਮਾਣ-ਮਰਿਆਦਾ ਬਹਾਲ ਰੱਖਣ ਵਿਚ ਅਸਫਲ ਕਰਾਰ ਦਿੱਤਾ ਗਿਆ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਿੱਖ ਜਥੇਬੰਦੀਆਂ ਵਲੋਂ ਪਛਚਾਤਾਪ ਸਮਾਗਮ ਤੋਂ ਬਾਅਦ ਕੀਤੇ ਇਕੱਠ ਦੌਰਾਨ ਸੰਬੋਧਨ ਕਰਦਿਆਂ ਉੱਘੇ ਕਿਸਾਨ ਆਗੂ ਪਲਵਿੰਦਰ ਸਿੰਘ ਤਲਵਾੜਾ ਨੇ ਕਿਹਾ ਕਿ ਅੱਜ ਮੁੜ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ। ਬੇਅਦਬੀ ਦੀ ਘਟਨਾ ਲਈ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਦੋਸ਼ੀ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੇ ਜਥੇਦਾਰ ਖ਼ੁਦ ਤਾਂ ਵੀਹ-ਵੀਹ ਬੰਦਿਆਂ ਦੀ ਸਕਿਓਰਿਟੀ ਰੱਖੀ ਫਿਰਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹਨ, ਜਿਸ ਕਰਕੇ ਬੇਅਦਬੀ ਦੀ ਘਟਨਾ ਵਾਪਰੀ ਹੈ।

ਉਨ੍ਹਾਂ ਇਸ ਮੌਕੇ ਜਜ਼ਬਾਤੀ ਹੁੰਦਿਆਂ ਆਖਿਆ ਕਿ ਅੱਜ ਤੋਂ ਬਾਅਦ ਜਿੱਥੇ ਵੀ ਬੇਅਦਬੀ ਹੁੰਦੀ ਹੈ, ਦੋਸ਼ੀ ਨੂੰ ਮੌਕੇ ‘ਤੇ ਸੋਧਾ ਲਾਉਣ ਵਾਲੇ ਦੀ ਕਾਨੂੰਨੀ ਪੈਰਵਾਈ ਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਹ ਚੁੱਕਣ ਲਈ ਤਿਆਰ ਹਨ। ਇਸ ਮੌਕੇ ਨਿਹੰਗ ਸਿੰਘ ਰਾਜਾ ਰਾਮ ਸਿੰਘ ਨੇ ਸਿੰਘ ਸਾਹਿਬਾਨ ਨੂੰ ਅਕਾਲੀ ਦਲ ਬਾਦਲ ਦੇ ਲਿਫਾਫਿਆਂ ਵਿਚੋਂ ਨਿਕਲੇ ਕਰਾਰ ਦਿੰਦਿਆਂ ਬੇਅਦਬੀਆਂ ਲਈ ਅਕਾਲੀ ਦਲ ਬਾਦਲ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਮਰਿਆਦਾ ਬਹਾਲ ਰੱਖਣ ‘ਚ ਬੇਵੱਸ ਹੈ ਤਾਂ ਤਖ਼ਤ ਸਾਹਿਬਾਨ ਦੀ ਸੇਵਾ ਨਿਹੰਗ ਸਿੰਘਾਂ ਹਵਾਲੇ ਕਰ ਦਿਓ।


ਅਮਨਦੀਪ ਸਿੰਘ ਅਬਿਆਣਾ ਨੇ ਮਤਾ ਪੜ੍ਹਦਿਆਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੇ ਮਾਮਲੇ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ ਅਤੇ ਦੋਵੇਂ ਲੋਕਲ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਅਮਰਜੀਤ ਸਿੰਘ ਚਾਵਲਾ ਜ਼ਿੰਮੇਵਾਰ ਹਨ, ਜਿਸ ਕਰਕੇ ਉਨ੍ਹਾਂ ਦੇ ਤੁਰੰਤ ਅਸਤੀਫੇ ਲਏ ਜਾਣ।

ਇਸ ਦੇ ਨਾਲ ਬੇਅਦਬੀ ਵੇਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸੰਗਤ ਵਿਚ ਜਨਤਕ ਕੀਤੀ ਜਾਵੇ। ਸਵੇਰੇ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਹੈੱਡ ਗ੍ਰੰਥੀ ਅਤੇ ਮੈਨੇਜਰ ਅਤੇ ਘੱਟੋ-ਘੱਟ ਦਸ ਸ਼ਸਤਰਧਾਰੀ ਸੇਵਾਦਾਰਾਂ ਦਾ ਹਾਜ਼ਰ ਰਹਿਣਾ ਲਾਜ਼ਮੀ ਕੀਤਾ ਜਾਵੇ। ਸਰਕਾਰ ਤੋਂ ਵੀ ਇਹ ਮੰਗ ਕੀਤੀ ਗਈ ਕਿ ਬੇਅਦਬੀ ਦੇ ਦੋਸ਼ੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ, ਤਾਂ ਜੋ ਅਸਲ ਸਾਜ਼ਿਸ਼ ਸਾਹਮਣੇ ਲਿਆਂਦੀ ਜਾ ਸਕੇ। ਇਸ ਮੌਕੇ ਬਾਬਾ ਸਾਹਿਬ ਸਿੰਘ ਡੇਰਾ ਬਾਬਾ ਸ੍ਰੀ ਚੰਦ ਨਵੀਂ ਆਬਾਦੀ ਨੇ ਵੀ ਸੰਗਤ ਨੂੰ ਬੇਅਦਬੀ ਦੇ ਇਨਸਾਫ ਲਈ ਇਕਮੁਠ ਹੋਣ ਦਾ ਸੱਦਾ ਦਿੱਤਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ, ਪ੍ਰਤਾਪ ਸਿੰਘ ਅਤੇ ਕੁਝ ਅਧਿਕਾਰੀਆਂ ਨੇ ਸਿੱਖ ਜਥੇਬੰਦੀਆਂ ਦੇ ਇਕੱਠ ਵਿਚ ਜਾ ਕੇ ਉਨ੍ਹਾਂ ਦਾ ਮੰਗ ਪੱਤਰ ਵੀ ਹਾਸਲ ਕੀਤਾ।
ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਕਾਲ ਫੈਡਰੇਸ਼ਨ ਦੇ ਸਾਬਕਾ ਆਗੂ ਨਰੈਣ ਸਿੰਘ ਚੌੜਾ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਬੇਅਦਬੀ ਮਾਮਲੇ ਬਾਰੇ ਬਾਰੀਕੀ ਨਾਲ ਜਾਣਕਾਰੀ ਪ੍ਰਾਪਤ ਕੀਤੀ ਹੈ, ਜਿਸ ਤੋਂ ਬਾਅਦ ਉਹ ਆਪਣੀ ਰਿਪੋਰਟ ਵਿਚ ਅਸਲੀਅਤ ਨੂੰ ਸੰਗਤ ਸਾਹਮਣੇ ਰਖਣਗੇ।