ਦਿੱਲੀ : ਭਾਰਤ ਨੇ ICC T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2007 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਰਿਹਾ, ਜਿਸ ਨੇ 76 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ ਹੈ। ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ ਅਤੇ ਭਾਰਤ ਨੇ ਆਖਰੀ ਗੇਂਦ ‘ਤੇ ਮੈਚ ਜਿੱਤ ਲਿਆ।
ਭਾਰਤੀ ਟੀਮ ਨੇ ਪਹਿਲਾਂ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਪਹਿਲੀ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਂਜ ਸਾਲ 2013 ਵਿੱਚ ਚੈਂਪੀਅਨ ਟਰਾਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖ਼ਿਤਾਬ ਹੈ।
ਇਸ ਦੇ ਨਾਲ ਹੀ ਭਾਰਤ ਦੋ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਅਜਿਹਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਟੀਮ ਇੱਕ ਵਾਰ ਜਿੱਤਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਜਦਕਿ ਕੁਇੰਟਨ ਡੀ ਕਾਕ 39 ਦੌੜਾਂ, ਟ੍ਰਿਸਟਨ ਸਟੱਬਸ 31 ਅਤੇ ਡੇਵਿਡ ਮਿੱਲਰ 21 ਦੌੜਾਂ ਬਣਾ ਕੇ ਆਊਟ ਹੋਏ।
ਭਾਰਤ ਵੱਲੋਂ ਹਾਰਦਿਕ ਪਾਂਡਿਆ ਤਿੰਨ ਵਿਕਟਾਂ ਜਦਕਿ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇੱਕ ਵਿਕਟ ਅਕਸ਼ਰ ਪਟੇਲ ਨੇ ਲਈ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੇ।
ਵਿਰਾਟ ਕੋਹਲੀ ਨੇ ਵਿਸ਼ਵ ਕੱਪ ਜਿੱਤਣ ਮਗਰੋਂ ਟੀ-20 ’ਚੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ, ‘‘ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਸੀ। ਜੇ ਅਸੀਂ ਹਾਰ ਵੀ ਜਾਂਦੇ ਤਾਂ ਵੀ ਮੈਂ ਸੰਨਿਆਸ ਦਾ ਐਲਾਨ ਕਰ ਦੇਣਾ ਸੀ। ਹੁਣ ਖੇਡ ਨੂੰ ਅੱਗੇ ਵਧਾਉਣ ਦੀ ਵਾਰੀ ਅਗਲੀ ਪੀੜ੍ਹੀ ਦੀ ਹੈ।’’
ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਟੂਰਨਾਮੈਂਟ ਵਿੱਚ ਅੱਠ ਮੈਚਾਂ ਵਿੱਚ ਉਸ ਨੇ 8.27 ਦੀ ਔਸਤ ਨਾਲ 15 ਵਿਕਟਾਂ ਲਈਆਂ। ਫਾਈਨਲ ਵਿੱਚ ਉਸ ਨੇ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸੇ ਤਰ੍ਹਾਂ ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਭਾਵੇਂ ਕੁੱਝ ਮਾਹਿਰਾਂ ਵੱਲੋਂ ਉਸ ਦੀ ਧੀਮੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਉਸ ਨੇ ਦੱਖਣੀ ਅਫਰੀਕਾ ਨੂੰ 177 ਦੌੜਾਂ ਦਾ ਟੀਚਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।