‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- SYL ‘ਤੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਦੀ ਇਸ ਮੁੱਦੇ ਉਤੇ ਚੁੱਪ ਉਤੇ ਸਵਾਲ ਚੁੱਕੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਵੀ ਆਪ ਨੂੰ ਘੇਰਦਿਆਂ ਕਿਹਾ ਕਿ ਕੇਜਰੀਵਾਲ ਨੇ ਹਰਿਆਣਾ ਵਾਸੀਆਂ ਨੂੰ ਪਹਿਲੀ ਗਾਰੰਟੀ ਦੇ ਦਿੱਤੀ ਹੈ ਕਿ ਜੇ ਆਪ ਸੱਤਾ ਵਿੱਚ ਆਈ ਤਾਂ ਹਰਿਆਣਾ ਦੇ ਹਰ ਕੋਨੇ ਤੱਕ SYL ਰਾਹੀਂ ਪਾਣੀ ਪਹੁੰਚੇਗਾ। ਪਰ ਅੱਜ ਪੰਜਾਬ ਦੇ ਵਿੱਤ ਮੰਤਰੀ ਕਹਿ ਰਹੇ ਹਨ ਕਿ ਪਾਣੀ ਦੀ ਇੱਕ ਵੀ ਬੂੰਦ ਹਰਿਆਣਾ ਨਹੀਂ ਜਾਵੇਗੀ। ਘੱਟੋ ਘੱਟ ਦੋਵਾਂ ਵਿੱਚੋਂ ਇੱਕ ਜਣਾ ਝੂਠ ਬੋਲ ਰਿਹਾ ਹੈ। ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਜਰੀਵਾਲ ਨੂੰ ਹਰਿਆਣਾ ਵਾਸੀਆਂ ਨੂੰ ਦਿੱਤੀ ਹੋਈ ਆਪਣੀ ਗਾਰੰਟੀ ਨੂੰ ਵਾਪਸ ਲੈਣ।
ਅੱਜ ਆਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਾਣੀਆਂ ਦੇ ਮੁੱਦੇ ਉਤੇ ਪੰਜਾਬ ਨਾਲ ਡਟ ਕੇ ਖੜ੍ਹੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਜਾਣ ਦਿਆਂਗੇ। ਜਿਹੜੀ ਵੀ ਕੁਰਬਾਨੀ ਕਰਨੀ ਪਈ, ਤਿਆਰ ਹਾਂ। ਜਾਨ ਕੁਰਬਾਨ ਕਰ ਦਿਆਂਗੇ, ਪਰ ਪਾਣੀ ਦੀ ਇਕ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਅੱਜ ਇਸ ਮੁੱਦੇ ਉਤੇ ਰੌਲਾ ਪਾ ਰਹੇ ਹਨ, ਉਨ੍ਹਾਂ ਦੀਆਂ ਸਰਕਾਰਾਂ ਵੇਲੇ ਹੀ ਇਹ ਮੁੱਦਾ ਖੜ੍ਹਾ ਹੋਇਆ। ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਸਕੀਮਾਂ ਬਣਾ ਰਹੀ ਹੈ।
ਦਰਅਸਲ, ਕੱਲ੍ਹ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਨੇ ਕਿਹਾ ਸੀ ਕਿ ਆਪ ਸਰਕਾਰ ਬਣਨ ਉੱਤੇ ਐੱਸਵਾਈਐੱਲ ਨਹਿਰ ਦਾ ਪਾਣੀ ਹਰਿਆਣਾ ਦੇ ਪਿੰਡ-ਪਿੰਡ ਤੱਕ ਪਹੁੰਚੇਗਾ। ਸੁਸ਼ੀਲ ਕੁਮਾਰ ਨੇ ਇਨ੍ਹਾਂ ਪਾਣੀਆਂ ’ਤੇ ਹਰਿਆਣਾ ਦਾ ਹੱਕ ਜਤਾਇਆ। ਸੁਸ਼ੀਲ ਕੁਮਾਰ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਆਪ ਸਰਕਾਰ ਦੀ ਤਿੱਖੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ।