‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਅਹਿਮ ਬੈਠਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ਦੇ ਮੁੱਦੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਸਰੂਪ ਛਾਪਣ ਵਾਲੇ ਰਿਪੁਦਮਨ ਸਿੰਘ ਮਲਿਕ ਤੇ ਬਲਵੰਤ ਸਿੰਘ ਪੰਧੇਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 62 ਸਰੂਪ ਸੰਗਤ ਨੂੰ ਸੌਂਪਣ ਤੋਂ ਮੁੱਕਰ ਗਏ ਹਨ।
ਉਨ੍ਹਾਂ ਨੇ ਇੱਕ ਪੱਤਰ ਰਾਹੀਂ ਆਪਣੀ ਸਟੇਟਮੈਂਟ ਜਾਰੀ ਕੀਤੀ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਉਨ੍ਹਾਂ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਛਾਪੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸੌਂਪਣ ਤੋਂ ਪਹਿਲਾਂ ਇੱਥੇ ਜਾਂਚ ਕਰਵਾਈ ਜਾਵੇ ਕਿਉਂਕਿ ਸਾਨੂੰ ਡਰ ਹੈ ਕਿ ਸਰੂਪ ਦੇਣ ਤੋਂ ਬਾਅਦ, ਕੁੱਝ ਸ਼ਰਾਰਤੀ ਅਨਸਰ ਸਾਡੇ ‘ਤੇ ਦੋਸ਼ ਲਗਾਉਣ ਲਈ ਸਰੂਪਾਂ ਨਾਲ ਛੇੜਛਾੜ ਕਰ ਸਕਦੇ ਹਨ ਅਤੇ ਸਾਨੂੰ ਫਸਾ ਸਕਦੇ ਹਨ।
ਉਨ੍ਹਾਂ ਨੇ ਆਪਣੀ ਸਟੇਟਮੈਂਟ ਵਿੱਚ ਕਿਹਾ ਹੈ ਕਿ “ਅਸੀਂ ਕੱਲ੍ਹ ਸਿੰਘਾਂ ਨਾਲ ਮੀਟਿੰਗ ਕੀਤੀ ਸੀ ਅਤੇ ਅਸੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਪੰਜ ਪਿਆਰਿਆਂ ਦੇ ਮਤੇ ਦੀ ਪਾਲਣਾ ਕਰਨ ਲਈ ਸਹਿਮਤ ਹੋਏ ਹਾਂ, ਜੋ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਅਸੀਂ ਇਹ ਵੀ ਪੁਸ਼ਟੀ ਕਰਨਾ ਚਾਹੁੰਦੇ ਹਾਂ ਕਿ 1 ਅਗਸਤ ਤੋਂ ਬਾਅਦ ਸਰੂਪਾਂ ਦੀ ਕੋਈ ਪ੍ਰਿੰਟਿੰਗ ਨਹੀਂ ਹੋਈ ਹੈ ਅਤੇ ਸਰੂਪਾਂ ਦੀ ਵੰਡ ਨੂੰ ਵੀ ਰੋਕ ਦਿੱਤਾ ਗਿਆ ਸੀ।
ਅਸੀਂ ਪਿਛਲੇ ਕਈ ਦਿਨਾਂ ਤੋਂ ਸਤਿਕਾਰਯੋਗ ਪੰਜ ਪਿਆਰੇ ਸਿੰਘਾਂ ਨਾਲ ਇਸ ਮਸਲੇ ਦੇ ਹੱਲ ਲਈ ਲਗਾਤਾਰ ਸੰਪਰਕ ਵਿੱਚ ਰਹੇ ਹਾਂ। ਸਾਡੀ ਤਜਵੀਜ਼ ਇਹ ਹੈ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸਾਂ ਦੀ ਪਾਲਣਾ ਕਰਾਂਗੇ ਪਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸੌਂਪਣ ਤੋਂ ਪਹਿਲਾਂ ਇੱਥੇ ਜਾਂਚ ਕਰਵਾਈ ਜਾਵੇ ਕਿਉਂਕਿ ਸਾਨੂੰ ਡਰ ਹੈ ਕਿ ਸਰੂਪ ਦੇਣ ਤੋਂ ਬਾਅਦ, ਕੁੱਝ ਸ਼ਰਾਰਤੀ ਅਨਸਰ ਸਾਡੇ ਤੇ ਦੋਸ਼ ਲਗਾਉਣ ਲਈ ਸਰੂਪਾਂ ਨਾਲ ਛੇੜਛਾੜ ਕਰ ਸਕਦੇ ਹਨ। ਇਸ ਤੋਂ ਬਾਅਦ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪੰਜ ਪਿਆਰਿਆਂ ਨੂੰ ਇੱਕ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਇਹ ਪੁਸ਼ਟੀ ਕੀਤੀ ਜਾਵੇਗੀ ਕਿ ਉਹਨਾਂ ਨੇ ਸਰੂਪ ਸਹੀ ਤਰਤੀਬ ਵਿੱਚ ਪ੍ਰਾਪਤ ਕੀਤੇ ਹਨ।
ਹਰੇਕ ਸਰੂਪ ਨੂੰ ਡਿਜੀਟਲੀ ਤੌਰ ‘ਤੇ ਛਾਪਿਆ ਗਿਆ ਹੈ। ਸਰੂਪਾਂ ਨਾਲ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ, ਸਾਨੂੰ ਪਹਿਲਾਂ ਉਹਨਾਂ ਦੀ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪੰਜ ਪਿਆਰਿਆਂ ਦੁਆਰਾ ਨਿਰੀਖਣ ਕਰਵਾ ਕੇ ਜਾਂਚ ਕਰਨ ਦੀ ਜ਼ਰੂਰਤ ਹੈ। ਅਸੀਂ ਸਰੂਪਾਂ ਨੂੰ ਛਾਪਣ ਲਈ ਵਰਤੇ ਗਏ ਪੇਪਰ ਕਟਰ ਅਤੇ ਡ੍ਰਿਲ ਮੁਹੱਈਆ ਕਰਵਾ ਸਕਦੇ ਹਾਂ, ਜਦੋਂ ਤੱਕ ਇਸ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ। ਪ੍ਰਿੰਟਿੰਗ ਮਸ਼ੀਨ ਦੇ ਸੰਬੰਧ ਵਿੱਚ, ਇਸ ਨਾਲ ਕੀ ਕਰਨਾ ਹੈ, ਇਸ ਬਾਰੇ ਅਸੀਂ ਪੰਜ ਪਿਆਰਿਆਂ ਦੇ ਫੈਸਲੇ ਨੂੰ ਸਵੀਕਾਰ ਕਰਾਂਗੇ।
Comments are closed.