ਬਿਉਰੋ ਰਿਪੋਰਟ : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰੱਚਣ ਵਾਲੇ ਚੈਕਰੀਪਬਲਿਕ ਵਿੱਚ ਗ੍ਰਿਫਤਾਰ ਨਿਖਲ ਗੁਪਤਾ ਦੇ ਪਰਿਵਾਰ ਵੱਲੋਂ ਪਾਈ ਗਈ ਪਟੀਸ਼ਨ ਨੂੰ ਭਾਰਤੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ । ਪਰਿਵਾਰ ਨੇ ਨਿਖਿਲ ਗੁਪਤਾ ਦੇ ਕਾਉਸਲਰ ਐਕਸੈਸ ਲੈਣ ਦੇ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ । ਜਸਟਿਸ ਸੰਜੀਵ ਖੰਨਾ ਅਤੇ ਦੀਪਾਕਰ ਦੱਤਾਂ ਦੀ ਬੈਂਚ ਨੇ ਕਿਹਾ ਅਸੀਂ ਇਸ ਵਿੱਚ ਕੁਝ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਹਾਂ,ਤੁਸੀਂ ਵੀਅਨਾ ਸਮਝੌਤੇ ਅਧੀਨ ਕਾਉਂਸਲਰ ਐਕਸੈਸ ਲੈ ਸਕਦੇ ਹੋ ਜੋ ਤੁਹਾਨੂੰ ਪਹਿਲਾਂ ਹੀ ਮਿਲ ਚੁੱਕਾ ਹੈ । ਬੈਂਚ ਨੇ ਨਿਖਿਲ ਗੁਪਤਾ ਦੇ ਵਕੀਲ ਨੂੰ ਕਿਹਾ ਸਾਡੀ ਅਦਾਲਤ ਦੂਜੇ ਦੇਸ਼ ਦੇ ਕਾਨੂੰਨ ਦੀ ਸਤਿਕਾਰ ਕਰਦੀ ਹੈ ਇਸ ਵਿੱਚ ਦਖਲ ਨਹੀਂ ਦੇ ਸਕਦੀ ਹੈ ।
ਸੁਪਰੀਮ ਕੋਰਟ ਨੇ ਪਰਿਵਾਰ ਦੇ ਵਕੀਲ ਨੂੰ ਕਿਹਾ ਅਸੀਂ ਤੁਹਾਨੂੰ ਵਿਦੇਸ਼ੀ ਅਦਾਲਤ ਬਾਰੇ ਕੁਝ ਵੀ ਬੋਲਣ ਦੀ ਇਜਾਜ਼ਤ ਨਹੀਂ ਦੇਵਾਂਗੇ, ਵਕੀਲ ਨੇ ਕਿਹਾ ਕਿ ਗੁਪਤਾ ਨੂੰ ਇਕਾਂਤ ਕੈਦ ਵਿੱਚ ਰੱਖਿਆ ਗਿਆ ਸੀ ਅਤੇ ਉਸਦੇ ਦੋਸ਼ ਲਗਾਉਣ ਤੋਂ ਬਾਅਦ ਉਸਨੂੰ ਕੋਈ ਕੌਂਸਲਰ ਪਹੁੰਚ ਨਹੀਂ ਦਿੱਤੀ ਗਈ ਸੀ। ਇਹ ਪੂਰੀ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਅਤੇ ਉਸ ਨੇ ਭਾਰਤੀ ਸਫਾਰਤਖਾਨੇ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ ਪਰ ਨਹੀਂ ਮਿਲੀ। ਵਕੀਲ ਨੇ ਅਦਾਲਤ ਵਿੱਚ ਕਿਹਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ। ਉਸ ਨੂੰ ਵਿਦੇਸ਼ੀ ਦੇਸ਼ ਵਿੱਚ ਆਪਣੀ ਰੱਖਿਆ ਕਰਨ ਦੇ ਯੋਗ ਬਣਾਉਣ ਲਈ ਕੋਈ ਸਹਾਇਤਾ ਨਹੀਂ ਮਿਲੀ ਹੈ। ਕੌਂਸਲਰ ਪਹੁੰਚ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵਿਅਕਤੀ ਇੱਕ ਵਾਰ ਆ ਕੇ ਤੁਹਾਨੂੰ ਮਿਲਦਾ ਹੈ ਅਤੇ ਫਿਰ ਕੁਝ ਨਹੀਂ ਹੁੰਦਾ ਹੈ ।
ਕੁਝ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਅਸੀਂ ਨਿਖਿਲ ਗੁਪਤਾ ਨੂੰ ਕਾਉਂਸਲਰ ਐਕਸੈਸ ਦਿੱਤਾ ਹੈ ਸਾਡੇ ਅਧਿਕਾਰੀਆਂ ਨੇ ਉਸ ਦੇ ਨਾਲ ਮੁਲਾਕਾਤ ਕੀਤੀ ਹੈ। ਨਿਖਿਲ ਗੁਪਤਾ ‘ਤੇ ਇਲਜ਼ਾਮ ਸੀ ਕਿ ਉਸ ਨੂੰ ਇੱਕ ਭਾਰਤੀ ਏਜੰਟ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ 80 ਲੱਖ ਦੀ ਸੁਪਾਰੀ ਦਿੱਤੀ ਸੀ। ਗੁਪਤਾ ਨੇ ਜਿਹੜੇ ਏਜੰਟ ਨੂੰ ਚੁਣਿਆ ਸੀ ਉਹ ਅਮਰੀਕੀ ਖੁਫਿਆ ਵਿਭਾਗ ਦਾ ਅਧਿਕਾਰੀ ਨਿਕਲਿਆ ਸੀ। ਜਿਸ ਤੋਂ ਬਾਅਦ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ। ਇਸ ਮਾਮਲੇ ਵਿੱਚ ਅਮਰੀਕਾ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਭਾਰਤ ਨੇ ਜਾਂਚ ਬਿਠਾ ਦਿੱਤੀ ਹੈ ।