ਚੰਡੀਗੜ੍ਹ : ਫਰਵਰੀ ਮਹੀਨੇ ਦੇ ਦੂਸਰੇ ਹਫਤੇ ਦੀ ਸ਼ੁਰੂਆਤ ਨਾਲ ਹੀ ਉੱਤਰੀ ਭਾਰਤ ਵਿੱਚ ਲਗਾਤਾਰ ਨਿਕਲ ਰਹੀ ਧੁੱਪ ਨੇ ਮੌਸਮ ਵਿੱਚ ਥੋੜੀ ਜਿਹੀ ਗਰਮਾਇਸ਼ ਪੈਦਾ ਕਰ ਦਿੱਤੀ ਸੀ ਪਰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਹੁਣ ਲਗਾਤਾਰ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਇਕ ਵਾਰ ਫਿਰ ਹੇਠਾਂ ਆ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਫਿਰ ਤੋਂ ਕੰਬਣੀ ਛਿੱੜ ਰਹੀ ਹੈ ।
ਬੀਤੇ ਦਿਨ ਐਤਵਾਰ ਨੂੰ ਦਿਨ ਵੇਲੇ ਤੇਜ਼ ਧੁੱਪ ਨਿਕਲੀ ਪਰ ਸ਼ਾਮ ਤੱਕ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਹੋਰ ਠੰਢਾ ਕਰ ਦਿੱਤਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਅਸਮਾਨ ਸਾਫ ਰਹੇਗਾ ਅਤੇ ਤੇਜ਼ ਠੰਡੀਆਂ ਹਵਾਵਾਂ ਚੱਲਣਗੀਆਂ। ਇਨ੍ਹਾਂ ਹਵਾਵਾਂ ਦੀ ਰਫ਼ਤਾਰ ਲਗਭਗ 25 ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਠੰਢੀਆਂ ਹਵਾਵਾਂ ਕਾਰਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਹੇਠਾਂ ਆ ਸਕਦਾ ਹੈ।ਇਹ ਸਥਿਤੀ ਮੰਗਲਵਾਰ ਨੂੰ ਬਦਲ ਜਾਵੇਗੀ ਤੇ ਇੱਕ ਵਾਰ ਫਿਰ ਗਰਮੀ ਵਧਣੀ ਸ਼ੁਰੂ ਹੋ ਜਾਵੇਗੀ ਤੇ ਤਾਪਮਾਨ ਨੂੰ ਵੀ ਫਰਕ ਪਵੇਗਾ। ਵੈਸਟਰਨ ਡਿਸਟਰਬੈਂਸ ਕਾਰਨ ਰਾਜਧਾਨੀ ਤੱਕ ਠੰਡੀਆਂ ਹਵਾਵਾਂ ਪਹੁੰਚ ਰਹੀਆਂ ਹਨ।
ਮੌਸਮ ਵਿਭਾਗ ਦੇ ਅਨੁਸਾਰ, ਹੁਣ ਪੱਛਮੀ ਹਿਮਾਲੀਅਨ ਖੇਤਰ ਵਿੱਚ ਮੀਂਹ ਅਤੇ ਬਰਫਬਾਰੀ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪੱਛਮੀ ਗੜਬੜੀ ਦੇ ਲੰਘਣ ਤੋਂ ਬਾਅਦ ਹਵਾ ਦੀ ਦਿਸ਼ਾ ਉੱਤਰ-ਪੱਛਮ ਵੱਲ ਵਧੇਗੀ। ਪਰ ਤਾਪਮਾਨ 14 ਫਰਵਰੀ ਤੱਕ ਘੱਟ ਰਹੇਗਾ। ਇਸ ਤੋਂ ਬਾਅਦ 2 ਤੋਂ 4 ਡਿਗਰੀ ਦਾ ਵਾਧਾ ਹੋਵੇਗਾ, ਉਦੋਂ ਤੱਕ 20 ਤੋਂ 30 ਕਿਲੋਮੀਟਰ ਦੀ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਸਮੇਂ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਸੂਰਜ ਵੀ ਚਮਕ ਰਿਹਾ ਹੈ।
ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ, ਲੁਧਿਆਣਾ ਦਾ 8.9 ਡਿਗਰੀ ਸੈਲਸੀਅਸ, ਪਟਿਆਲਾ ਦਾ 8.8 ਡਿਗਰੀ ਸੈਲਸੀਅਸ, ਪਠਾਨਕੋਟ ਦਾ 6 ਡਿਗਰੀ ਸੈਲਸੀਅਸ, ਬਠਿੰਡਾ ਦਾ 4.4 ਡਿਗਰੀ ਸੈਲਸੀਅਸ, ਫਰੀਦਕੋਟ ਦਾ 4.8 ਡਿਗਰੀ ਅਤੇ ਗੁਰਦਾਸਪੁਰ ਦਾ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨਾਰਨੌਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 8.4 ਡਿਗਰੀ ਸੈਲਸੀਅਸ, 8.6 ਡਿਗਰੀ ਸੈਲਸੀਅਸ, 13 ਡਿਗਰੀ ਸੈਲਸੀਅਸ ਅਤੇ ਛੇ ਡਿਗਰੀ ਸੈਲਸੀਅਸ ਰਿਹਾ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਮੌਸਮ ਵਿਭਾਗ ਮੁਤਾਬਕ ਅੱਜ ਜੰਮੂ-ਕਸ਼ਮੀਰ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।