‘ਦ ਖ਼ਾਲਸ ਬਿਊਰੋ:- ਵੈਨਕੂਵਰ ਦੀ ਸਨਸੈੱਟ ਬੀਚ ਨੂੰ ਪਾਣੀ ਵਿੱਚ ਈ. ਕੋਲਾਈ ਬੈਕਟੀਰੀਆ ਦੀ ਮਾਤਰਾ ਵੱਧ ਜਾਣ ਕਾਰਨ ਸਵਿਮਿੰਗ ਲਈ ਬੰਦ ਕਰ ਦਿੱਤਾ ਗਿਆ ਹੈ। 8 ਅਗਸਤ ਦੀ ਸ਼ਾਮ ਨੂੰ ਚਿਤਾਵਨੀ ਦਿੰਦਿਆਂ ਵੈਨਕੂਵਰ ਕੋਸਟਲ ਹੈਲਥ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਥੇ 100 ਮਿਲੀਲੀਟਰ ਪਾਣੀ ਵਿੱਚ ਈ. ਕੋਲਾਈ ਦੀ ਮਾਤਰਾ 1375 ਹੋ ਗਈ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। 100 ਮਿਲੀਲੀਟਰ ਪਾਣੀ ਵਿੱਚ 400 ਤੋਂ ਘੱਟ ਮਾਤਰਾ ਵਿੱਚ ਈ.ਕੋਲਾਈ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ।
ਵੈਨਕੂਵਰ ਕੋਸਟਲ ਹੈਲਥ ਅਨੁਸਾਰ ਈ. ਕੋਲਾਈ ਦੀ ਮਾਤਰਾ ਵੱਧ ਹੋਣ ਕਾਰਨ ਪੇਟ ਅਤੇ ਸਾਹ ਪ੍ਰਣਾਲੀ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਚਮੜੀ ਤੇ ਅੱਖਾਂ ਦੀ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਦੂਸ਼ਿਤ ਪਾਣੀ ਮੂੰਹ, ਨੱਕ, ਕੰਨ, ਅੱਖ ਜਾਂ ਕਿਸੇ ਖੁੱਲ੍ਹੇ ਜ਼ਖ਼ਮ ਰਾਹੀਂ ਸਰੀਰ ਅੰਦਰ ਚਲਾ ਜਾਵੇ ਤਾਂ ਬੀਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।