Punjab

ਸੁਨੀਲ ਜਾਖੜ ਨੇ ਬਹਿਸ ਨੂੰ ਲੈ ਕੇ ਰੱਖੀ ਇੱਕ ਹੋਰ ਸ਼ਰਤ

Sunil Jakhar placed another condition on the debate

ਚੰਡੀਗੜ੍ਹ : 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SYL ਸਮੇਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਨੂੰ ਡਿਬੇਟ ਦਾ ਸੱਦਾ ਦਿੱਤਾ ਹੋਇਆ ਹੈ। ਇਹ ਬਹਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਣੀ ਹੈ। ਪਹਿਲਾਂ ਇਹ ਬਹਿਸ ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਹੋਣ ਦੀ ਸੰਭਾਵਨਾ ਸੀ ਪਰ ਪ੍ਰਸ਼ਾਸਨ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ।

ਮੁੱਖ ਮੰਤਰੀ ਮਾਨ ਦੇ ਇਸ ਸੱਦੇ ਨੂੰ ਪਹਿਲਾਂ ਤਾਂ ਵੱਖ ਵੱਖ ਸਿਆਸੀ ਲੀਡਰਾਂ ਨੇ ਸਵੀਕਾਰ ਕਰ ਲਿਆ ਪਰ ਬਾਅਦ ਵਿੱਚ ਹੌਲੀ ਹੌਲੀ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਗਏ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਕੱਲ੍ਹ ਅਕਾਲੀ ਦਲ ਨੇ ਵੀ ਇਸ ਬਹਿਸ ਦਾ ਬਾਈਕਾਟ ਕਰ ਦਿੱਤਾ।

ਉੱਧਰ ਅੱਜ ਸੁਨੀਲ ਜਾਖੜ ਭਾਵੇਂ ਆਪ ਇਸ ਬਹਿਸ ਵਿੱਚ ਸ਼ਾਮਿਲ ਨਹੀਂ ਹੋ ਰਹੇ ਪਰ ਉਨ੍ਹਾਂ ਨੇ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਹੈ। ਜਾਖੜ ਨੇ ਟਵੀਟ ਕੀਤਾ ਕਿ ਪੰਜਾਬ ਦੀਆਂ ਉਹ ਤਿੰਨ ਸ਼ਖਸੀਅਤਾਂ ਜੋ ਪੰਜਾਬ ਦੇ ਹਾਲਾਤਾਂ ‘ਤੇ ਬਹੁਤ ਗੰਭੀਰ ਹਨ, ਉਨ੍ਹਾਂ ਨੂੰ ਇਸ ਡਿਬੇਟ ਦਾ ਹਿੱਸਾ ਬਣਾਇਆ ਜਾਵੇ। ਜਾਖੜ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿੱਚ ਜੋ ਮੌਜੂਦਾ ਮੁੱਦੇ ਹਨ, ਉਨ੍ਹਾਂ ਉੱਤੇ ਸਾਰਥਕ ਮੰਥਨ ਕੀਤਾ ਜਾਵੇ ਅਤੇ ਆਪ ਪਾਰਟੀ ਪੀਏਯੂ ਦੀ ਸਟੇਜ ਨੂੰ ਥਿਏਟਰ ਵਿੱਚ ਨਾ ਬਦਲ ਦੇਵੇ, ਇਸੇ ਲਈ ਉਨ੍ਹਾਂ ਨੇ ਤਿੰਨ ਨਾਵਾਂ ਦੇ ਪੈਨਲ ਦੀ ਮੰਗ ਕੀਤੀ ਹੈ ਜੋ ਇਸ ਬਹਿਸ ਦੌਰਾਨ ਮੌਜੂਦ ਰਹਿਣ। ਇਨ੍ਹਾਂ ਵਿੱਚ

ਸਾਬਕਾ ਐੱਮਪੀ ਡਾ.ਧਰਮਵੀਰ ਗਾਂਧੀ
ਸਾਬਕਾ ਐੱਮਐੱਲਏ ਹਰਵਿੰਦਰ ਸਿੰਘ ਫੂਲਕਾ
ਸਾਬਕਾ ਐੱਮਐੱਲਏ ਕੰਵਰ ਸੰਧੂ

ਦੇ ਨਾਮ ਸ਼ਾਮਿਲ ਹਨ। ਜਾਖੜ ਨੇ ਕਿਹਾ ਕਿ ਇਹ ਤਿੰਨੇ ਸ਼ਖਸੀਅਤਾਂ ਆਪਣੇ ਚਿੰਤਨ ਲਈ ਜਾਣੀਆਂ ਜਾਂਦੀਆਂ ਹਨ ਅਤੇ ਇਹ ਇਮਾਨਦਾਰ ਸ਼ਖਸੀਅਤਾਂ ਹਨ।