Punjab

ਮਾਨ ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਏ ਅਹਿਮ ਫੈਸਲੇ…

ਚੰਡੀਗੜ੍ਹ : ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕੈਦੀਆਂ ਦੀ ਰਿਹਾਈ ਉੱਤੇ ਚਰਚਾ ਕੀਤੀ ਗਈ ਜਿਸ ਵਿੱਚੋਂ ਅੱਜ ਪੰਜ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜ ਕੈਦੀ ਜੋ ਹਾਰਡਕੋਰ ਵਿੱਚ ਆਉਂਦੇ ਹਨ, ਉਨ੍ਹਾਂ ਦੀ ਰਿਹਾਈ ਰੱਦ ਕੀਤੀ ਗਈ ਹੈ।

ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਪੰਜ ਨਵੇਂ ਮੈਡੀਕਲ ਕਾਲਜ ਬਣਾਉਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਇਹ ਮੈਡੀਕਲ ਕਾਲਜ ਮੁਹਾਲੀ, ਕਪੂਰਥਲਾ, ਹੁਸ਼ਿਆਰਪੁਰ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਬਣਨਗੇ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦੋ ਤਿੰਨ ਵਿਭਾਗਾਂ ਵਿੱਚ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਕਰੀਆਂ ਦੇਣ ਲਈ ਪੰਜਾਬ ਸਿਵਲ ਸਕੱਤਰੇਤ ਵਿੱਚ 106 ਨਵੇਂ ਕਲਰਕ ਭਰਤੀ ਕੀਤੇ ਜਾਣਗੇ। ਕੈਬਨਿਟ ਵੱਲੋਂ 440 ਨਵੀਂ ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਚੀਮਾ ਨੇ ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਉੱਤੇ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਸੈਸ਼ਨ ਕਾਨੂੰਨੀ ਹੈ। ਇਸ ਸੈਸ਼ਨ ਵਿੱਚ ਬਹੁਤ ਜ਼ਰੂਰੀ ਬਿੱਲ ਆਉਣੇ ਹਨ ਜੋ ਆਮ ਲੋਕਾਂ ਨਾਲ ਸਬੰਧਿਤ ਹਨ। ਇਸ ਲਈ ਰਾਜਪਾਲ ਨੂੰ ਇਸ ਉੱਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ, ਸਗੋਂ ਉਨ੍ਹਾਂ ਨੂੰ ਆਪਣੇ ਕਾਨੂੰਨੀ ਸਲਾਹਕਾਰ ਬਦਲ ਲੈਣੇ ਚਾਹੀਦੇ ਹਨ ਜੋ ਇਹੋ ਜਿਹੀਆਂ ਸਲਾਹਾਂ ਦਿੰਦੇ ਹਨ।

ਚੀਮਾ ਨੇ ਕਿਹਾ ਕਿ 1 ਨਵੰਬਰ ਨੂੰ ਬੁਲਾਈ ਗਈ ਡਿਬੇਟ ਲਈ ਸਾਰੀ ਪਾਰਟੀਆਂ ਨੂ ਸੱਦਾ ਦਿੱਤਾ ਗਿਆ ਹੈ। ਵਿਦੇਸ਼ ਵਿੱਚ ਵੀ ਲੋਕਾਂ ਦਾ ਇਸ ਪ੍ਰਤੀ ਰੁਝਾਨ ਹੈ ਪਰ ਵਿਰੋਧੀ ਪਾਰਟੀਆਂ ਇਸ ਤੋਂ ਭੱਜ ਰਹੀਆਂ ਹਨ। ਪੰਜਾਬ ਦੇ ਪਾਣੀਆਂ ਨੂ ਬਰਬਾਦ ਕਰਨ ਵਿੱਚ ਇਹਨਾਂ ਨੇ ਵੀ ਰੋਲ ਨਿਭਾਇਆ ਹੈ। ਚੀਮਾ ਨੇ ਕਿਹਾ ਕਿ ਸਾਨੂੰ ਇਸ ਚੀਜ਼ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਸਰਵੇ ਟੀਮ 1 ਨਵੰਬਰ ਨੂੰ ਪੰਜਾਬ ਆ ਰਹੀ ਹੈ। ਜੇ ਸਰਵੇ ਟੀਮ ਆਵੇਗੀ ਤਾਂ ਅਸੀਂ ਉਸਦਾ ਡਟ ਕੇ ਵਿਰੋਧ ਕਰਾਂਗੀ। ਅਕਾਲੀ ਦਲ ਡਿਬੇਟ ਤੋਂ ਭੱਜਣ ਲਈ ਕੋਈ ਨਾ ਕੋਈ ਬਹਾਨਾ ਬਣਾ ਰਹੇ ਹਨ।