ਚੰਡੀਗੜ੍ਹ : ਪੰਜਾਬ ਵਿਜੀਲੈਂਸ (Punjab vigilance) ਦੇ AIG ਨੂੰ ਰਿਸ਼ਵਤ (Bribe) ਦੇਣ ਦੇ ਮਾਮਲੇ ਵਿੱਚ ਗਿਰਫ਼ਤਾਰ ਸੁੰਦਰ ਸ਼ਾਮ ਅਰੋੜਾ (Sunder sham arora) ਨੂੰ ਮੋਹਾਲੀ ਅਦਾਲਤ ਨੇ 3 ਦਿਨ ਦੇ ਰਿਮਾਂਡ ‘ਤੇ ਭੇਜ ਗਿਆ ਹੈ । ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਤੇ ਬੀਜੇਪੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਰੋਣ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਵਿਜੀਲੈਂਸ ਜਦੋਂ ਉਨ੍ਹਾਂ ਨੂੰ ਗਿਰਫ਼ਤਾਰੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰ ਰਹੀ ਸੀ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ ਅਤੇ ਪਰਿਵਾਰ ਨੇ ਉਨ੍ਹਾਂ ਦੇ ਅਥਰੂ ਸਾਫ਼ ਕੀਤੇ । 19 ਅਕਤੂਬਰ ਨੂੰ ਸੁੰਦਰ ਸ਼ਾਮ ਅਰੋੜਾ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

ਆਮਦਨ ਤੋਂ ਵਧ ਜਾਇਦਾਦ ਵਿੱਚ ਗਿਰਫ਼ਤਾਰ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਨੇ AIG ਨੂੰ 1 ਕਰੋੜ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਸਾਬਕਾ ਕੈਬਨਿਟ ਮੰਤਰੀ 50 ਲੱਖ ਅਡਵਾਂਸ ਲੈਕੇ ਚੰਡੀਗੜ੍ਹ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ । ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵਿਰੇਂਦਰ ਕੁਮਾਰ ਨੇ ਦੱਸਿਆ ਕਿ ਸੁੰਦਰ ਸ਼ਾਮ ਅਰੋੜਾ ‘ਤੇ AIG ਨੂੰ 50 ਲੱਖ ਦੀ ਰਿਸ਼ਵਤ ਦੇਣ ਦਾ ਇਲਜ਼ਾਮ ਸੀ। AIG ਦੀ ਸ਼ਿਕਾਇਤ ‘ਤੇ ਭ੍ਰਿਸ਼ਟਾਚਾਰ ਦੀ ਧਾਰ 8 ਦੇ ਤਹਿਤ 15 ਅਕਤੂਬਰ ਨੂੰ FIR ਦਰਜ ਕੀਤੀ ਗਈ ਸੀ ।

ਇਸ ਤਰ੍ਹਾਂ ਵਿਜੀਲੈਂਸ ਨੇ ਗਿਰਫ਼ਤਾਰ ਕੀਤਾ
14 ਅਕਤੂਬਰ ਨੂੰ ਸੁੰਦਰ ਸ਼ਾਮ ਅਰੋੜਾ ਨੇ AIG ਮਨਮੋਹਨ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਖਿਲਾਫ਼ ਚੱਲ ਰਹੀ ਜਾਂਚ ਵਿੱਚ ਮਦਦ ਮੰਗੀ। AIG ਨੇ ਕਿਹਾ ਜੇਕਰ ਉਹ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਪਰ ਸੁੰਦਰ ਸ਼ਾਮ ਅਰੋੜਾ ਨੇ 1 ਕਰੋੜ ਦੀ ਪੇਸ਼ਕਸ਼ ਕੀਤੀ । AIG ਨੇ ਇਹ ਗੱਲ ਸੀਨੀਅਰ ਅਫਸਰਾਂ ਤੱਕ ਪਹੁੰਚਾਈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ । ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ 50 ਲੱਖ ਲੈਕੇ ਬਿਨਾਂ ਸੁਰੱਖਿਆ ਗਾਰਡ ਨਾਲ AIG ਮਨਮੋਹਨ ਕੁਮਾਰ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੂੰ ਵਿਜੀਲੈਂਸ ਨੇ ਗਿਰਫ਼ਤਾਰ ਕਰ ਲਿਆ। ਅਰੋੜਾ ਕੋਲੋ ਵਿਜੀਲੈਂਸ ਦੇ ਅਧਿਕਾਰੀਆਂ ਨੇ 50 ਲੱਖ ਵੀ ਬਰਾਮਦ ਕੀਤੇ ਹਨ ।
