‘ਦ ਖ਼ਾਲਸ ਬਿਊਰੋ :- ਦੁਬਈ ਵਿੱਚ ਏਸ਼ੀਆ ਕੱਪ ਦੇ ਸੁਪਰ-4 ਗੇੜ ਦੌਰਾਨ ਪਾਕਿਸਤਾਨ ਖ਼ਿਲਾਫ਼ ਮੈਚ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਕੈਚ ਛੱਡਣ ਨੂੰ ਕਰਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਉਸ ਦੀ ਸਾਖ ਵਿਗਾੜੀ ਜਾ ਰਹੀ ਹੈ। ਕਈ ਟਵਿੱਟਰ ਖਾਤਿਆਂ ’ਤੇ ਅਰਸ਼ਦੀਪ ਸਿੰਘ ਨੂੰ ਖਾਲਿਸਤਾਨੀ, ਦੇਸ਼ ਦਾ ਗੱਦਾਰ ਤੱਕ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਅਰਸ਼ਦੀਪ ਦੇ ਵਿਕੀਪੀਡੀਆ ਪੇਜ ’ਤੇ ‘ਖਾਲਿਸਤਾਨੀ’ ਲਿਖ ਦਿੱਤਾ ਗਿਆ ਤੇ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਪੇਜ ਦੀ ਭੰਨਤੋੜ ਤੋਂ ਬਾਅਦ ਕੇਂਦਰ ਨੇ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਸੰਮਨ ਕੀਤਾ। ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਅੱਜ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਇਹ ਦੱਸਣ ਲਈ ਤਲਬ ਕੀਤਾ ਹੈ ਕਿ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਵੱਖਵਾਦੀ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਪੰਨੇ ‘ਤੇ ਜਾਅਲੀ ਜਾਣਕਾਰੀ ਕਿਵੇਂ ਵੈਬਸਾਈਟ ‘ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਕੇਂਦਰ ਮੁਤਾਬਕ ਇਸ ਗਲਤ ਜਾਣਕਾਰੀ ਕਾਰਨ ਸਮਾਜ ਵਿੱਚ ਸਦਭਾਵਨਾ ਨੂੰ ਵਿਗਾੜ ਸਕਦੀ ਹੈ ਅਤੇ ਕ੍ਰਿਕਟਰ ਦੇ ਪਰਿਵਾਰ ਲਈ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਕਾਰਨ ਬਣ ਸਕਦੀ ਹੈ।
ਇੱਕ ਉੱਚ-ਪੱਧਰੀ ਪੈਨਲ ਵੱਲੋਂ ਡਿਜੀਟਲ ਐਨਸਾਈਕਲੋਪੀਡੀਆ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਸਕਦਾ ਹੈ। ਮਿਸਟਰ ਸਿੰਘ ਦੇ ਵਿਕੀਪੀਡੀਆ ਪੰਨੇ ਦੇ ਸੰਪਾਦਨ ਇਤਿਹਾਸ ਦੇ ਅਨੁਸਾਰ, ਇੱਕ ਗੈਰ-ਰਜਿਸਟਰਡ ਉਪਭੋਗਤਾ ਨੇ ਪ੍ਰੋਫਾਈਲ ‘ਤੇ ਕਈ ਥਾਵਾਂ ‘ਤੇ “ਭਾਰਤ” ਸ਼ਬਦਾਂ ਨੂੰ “ਖਾਲਿਸਤਾਨ” ਵਿੱਚ ਬਦਲ ਦਿੱਤਾ ਸੀ ਪਰ ਵਿਕੀਪੀਡੀਆ ਦੇ ਸੰਪਾਦਕਾਂ ਨੇ ਕੇਂਦਰ ਦੀ ਝਾੜ੍ਹ ਤੋਂ ਬਾਅਦ 15 ਮਿੰਟਾਂ ਵਿੱਚ ਹੀ ਤਬਦੀਲੀਆਂ ਰੱਦ ਕਰ ਦਿੱਤੀਆਂ।