Punjab

ਵਿਜੀਲੈਂਸ ਦੇ ਨਿਸ਼ਾਨੇ ‘ਤੇ ਸੁਮੇਧ ਸੈਣੀ, ਮਾਮਲਾ ਆਮਦਨ ਨਾਲੋਂ ਵੱਧ ਜਾਇਦਾਦ ਬਨਾਉਣ ਦਾ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਦੇ ਸਾਬਕਾ ਮੁਖੀ ਦੀਆਂ ਮੁਸ਼ਕਿਲਾਂ ਖਹਿੜਾ ਨਹੀਂ ਛੱਡ ਰਹੀਆਂ ਹਨ। ਉਹ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਕਤਲ ਕਰਨ ਅਤੇ ਬਰਗਾੜੀ ਗੋਲੀਕਾਂਡ ਵਿੱਚੋਂ ਬਰੀ ਵੀ ਨਹੀਂ ਹੋਏ ਕਿ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਸੈਕਟਰ 20 ‘ਚ ਨਵੀਂ ਬਣੀ ਕੋਠੀ ਲਈ ਲੱਗਾ ਪੈਸਾ ਵਿਜੀਲੈਂਸ ਦੇ ਨਿਸ਼ਾਨੇ ‘ਤੇ ਹੈ।

ਬੀਤੀ ਰਾਤ ਪੰਜਾਬ ਵਿਜੀਲੈਂਸ ਦੀ ਇੱਕ ਟੀਮ ਨੇ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ‘ਚ ਸਥਿਤ ਕੋਠੀ ‘ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਸੁਮੇਧ ਸੈਣੀ ਦੇ ਵਕੀਲ ਵੀ ਪਹੁੰਚੇ। ਪੰਜਾਬ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਸੈਣੀ ਸਮੇਤ 7 ਵਿਅਕਤੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਾਏ ਗਏ ਹਨ।

ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਕਿਹਾ ਕਿ ਕਿਸੇ ਵੀ ਐੱਫਆਈਆਰ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਿਸਥਾਰ ਵਿੱਚ ਪ੍ਰੈੱਸ ਕਾਨਫਰੰਸ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ।  ਮੁਹਾਲੀ ਅਦਾਲਤ ਨੇ 10 ਦਿਨ ਪਹਿਲਾਂ ਕੋਠੀ ਨੂੰ ਅਟੈਚ ਕੀਤਾ ਸੀ। ਜਿਸ ਵਿੱਚ ਇੱਕ ਨਵੀਂ ਐੱਫਆਈਆਰ ਪੰਜਾਬ ਵਿਜੀਲੈਂਸ ਨੇ ਦਰਜ ਕੀਤੀ ਹੈ।