ਦ ਖਾਲਸ ਬਿਊਰੋ :- ਪੰਜਾਬ ਪੁਲੀਸ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਜਾਂਚ ਵਿੱਚ ਮੁਹਾਲੀ ਪੁਲਿਸ ਸੀਬੀਆਈ ਦੀ ਮਦਦ ਵੀ ਲੈ ਸਕਦੀ ਹੈ। ਸੂਤਰਾਂ ਮੁਤਾਬਕ ਮੁਹਾਲੀ ਪੁਲੀਸ 29 ਸਾਲ ਪੁਰਾਣੇ ਮਾਮਲੇ ਦੀ ਤਹਿ ਤੱਕ ਜਾਣ ਲਈ ਸੀਬੀਆਈ ਟੀਮ ਨਾਲ ਤਾਲਮੇਲ ਕਰੇਗੀ, ਕਿਉਂਕਿ ਹਾਈਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ 2007 ਵਿੱਚ ਸੈਣੀ ਖ਼ਿਲਾਫ਼ ਇਸੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ, ਪਰ ਜੁਲਾਈ 2008 ਨੂੰ ਸੁਪਰੀਮ ਕੋਰਟ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੈਣੀ ਦੇ ਹੱਕ ਵਿੱਚ ਪੰਜਾਬ ਸਰਕਾਰ ਅਦਾਲਤ ਪਹੁੰਚੀ ਸੀ।

ਸੈਣੀ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹੋਣ ਤੋਂ ਬਾਅਦ ਹੁਣ ਖਾੜਕੂਵਾਦ ਦੇ ਦੌਰ ਵਿੱਚ ਪੁਲੀਸ ਵਧੀਕੀਆਂ ਦਾ ਸ਼ਿਕਾਰ ਹੋਣ ਵਾਲੇ ਹੋਰ ਲੋਕ ਵੀ ਸਾਹਮਣੇ ਆ ਰਹੇ ਹਨ। ਮੁਲਤਾਨੀ ਮਾਮਲੇ ਵਿੱਚ ਪਰਿਵਾਰ ਦੀ ਬੇਟੀ ਚਸ਼ਮਦੀਦ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾਏਗੀ। ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਵੀ ਪੁਲਸੀਆ ਤਸ਼ੱਦਦ ਖਿਲਾਫ ਸਾਹਮਣੇ ਆਉਣ ਨੂੰ ਤਿਆਰ ਹਨ। ਇਸਤੋਂ ਪਹਿਲਾਂ ਹਾਈ ਕੋਰਟ ਦੀ ਸੀਨੀਅਰ ਵਕੀਲ ਗੁਰਸ਼ਰਨ ਕੌਰ ਮਾਨ ਧਾਰਾ-164 ਤਹਿਤ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ, ਉਨਾਂ ਮੀਡੀਆ ਸਾਹਮਣੇ ਵੀ ਬਲਵੰਤ ਸਿੰਘ ਮੁਲਤਾਨੀ ‘ਤੇ ਸੈਣੀ ਵੱਲੋਂ ਢਾਹੇ ਅੱਖੀਂ ਦੇਖੇ ਤਸ਼ੱਦਦ ਨੂੰ ਬਿਆਨ ਕੀਤਾ ਹੈ।