ਸੁਲਤਾਨਪੁਰ ਲੋਧੀ : ਮੋਰਿੰਡਾ,ਦੂਖ ਨਿਵਾਰਨ ਸਾਹਿਬ ਅਤੇ ਰਾਜਪੁਰਾ ਤੋਂ ਬਾਅਦ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨਗਰੀ ਸੁਲਤਾਨਪੁਰ ਲੋਧੀ ਤੋਂ ਵੀ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਇੱਕ ਸ਼ਖਸ ਗੁਰਦੁਆਰਾ ਹੱਟ ਸਾਹਿਬ ਵਿੱਚ ਮੂੰਹ ਡੱਕ ਕੇ 18 ਮਈ ਸ਼ਾਮ 7 ਵਜੇ ਦਾਖਲ ਹੁੰਦਾ ਹੈ, ਫਿਰ ਮੱਥਾ ਟੇਕਣ ਤੋਂ ਬਾਅਦ ਥਾਪਿਆਂ ਮਾਰਨੀ ਸ਼ੁਰੂ ਕਰ ਦਿੰਦਾ ਹੈ,ਮੌਕੇ ‘ਤੇ ਮੌਜੂਦ ਸੇਵਾਦਾਰ,ਗ੍ਰੰਥੀ ਅਤੇ ਰਾਗੀਆਂ ਨੂੰ ਉਸ ਦੀਆਂ ਹਰਕਤਾਂ ‘ਤੇ ਸ਼ੱਕ ਹੁੰਦਾ ਹੈ ਤਾਂ ਉਹ ਫਿਰ ਉਸ ਨੂੰ ਮੂੰਹ ਤੋਂ ਕੱਪੜਾ ਉਤਾਰਨ ਲਈ ਕਹਿੰਦੇ ਹਨ । ਸੇਵਾਦਾਰ ਮੁਤਾਬਿਕ ਫਿਰ ਇਹ ਸ਼ਖਸ ਗਾਲਾਂ ਕੱਢਣੀ ਸ਼ੁਰੂ ਕਰ ਦਿੰਦਾ ਹੈ ਅਤੇ ਜਿਸ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸੇ ਥਾਂ ਵੱਲ ਜਾਣ ਦੀ ਕੋਸ਼ਿਸ਼ ਕਰਦਾ ਹੈ,ਜਿਵੇਂ ਹੀ ਸੇਵਾਦਾਰ,ਗ੍ਰੰਥੀ ਅਤੇ ਰਾਗੀ ਉਸ ਨੂੰ ਰੋਕ ਦੇ ਹਨ ਤਾਂ ਸ਼ਖਸ਼ ਕ੍ਰਿਪਾਨ ਕੱਢ ਕੇ ਸੇਵਾਦਾਰ ‘ਤੇ ਹਮਲਾ ਕਰ ਦਿੰਦਾ ਹੈ,ਇਸ ਦੌਰਾਨ ਸੇਵਾਦਾਰ ਜ਼ਖ਼ਮੀ ਹੁੰਦਾ ਹੈ ਪਰ ਸਾਰੇ ਮਿਲ ਕੇ ਉਸ ਸ਼ਖਸ ਨੂੰ ਕਾਬੂ ਕਰ ਲੈਂਦੇ ਹਨ ਅਤੇ ਪੁਲਿਸ ਨੂੰ ਇਤਹਾਲ ਕੀਤੀ ਜਾਂਦੀ ਹੈ,ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਘਟਨਾ ‘ਤੇ ਪੁਲਿਸ ਦਾ ਬਿਆਨ
ਸੁਲਤਾਨਪੁਰ ਦੇ ਗੁਰਦੁਆਰਾ ਹੱਟ ਸਾਹਿਬ ਵਿੱਚ ਵਾਪਰੀ ਇਸ ਘਟਨਾ ਬਾਰੇ ਥਾਣਾ ਪ੍ਰਭਾਰੀ ਖੁਸ਼ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾ ਕਰਨ ਵਾਲਾ ਸ਼ਖਸ ਸੁਲਤਾਨਪੁਰ ਲੋਧੀ ਦਾ ਹੀ ਹੈ ਅਤੇ ਉਸ ਦਾ ਨਾਂ ਵੀਰ ਸਿੰਘ ਹੈ। ਗ੍ਰੰਥੀ ਸਿੰਘ,ਸੇਵਾਦਾਰ ਅਤੇ ਰਾਗੀਆਂ ਦੇ ਬਿਆਨ ਦਰਜ ਕੀਤੇ ਗਏ ਹਨ,ਗੁਰਦੁਆਰੇ ਦੇ ਮੈਨੇਜਰ ਦੀ ਦਰਖਾਸਤ ‘ਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਆਖਿਰ ਉਹ ਮੂੰਹ ਡੱਕ ਕੇ ਗੁਰਦੁਆਰੇ ਵਿੱਚ ਕਿਉਂ ਦਾਖਲ ਹੋਇਆ ਸੀ ? ਉਸ ਦੀ ਮਨਸ਼ਾ ਕੀ ਸੀ ? ਕੀ ਕੰਮ ਕਰਦਾ ਹੈ ? ਕਿਸ ਨੇ ਉਸ ਨੂੰ ਭੇਜਿਆ ਸੀ ? ਇਹ ਸਾਰੇ ਸਵਾਲਾਂ ਦਾ ਜਵਾਬ ਪੁਲਿਸ ਵੀਰ ਸਿੰਘ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।
ਫੜੇ ਗਏ ਵੀਰ ਸਿੰਘ ਮਨਸ਼ਾ ਕੀ ਸੀ ? ਇਸ ਦਾ ਖੁਲਾਸਾ ਪੁਲਿਸ ਦੀ ਪੁੱਛ-ਗਿੱਛ ਤੋਂ ਬਾਅਦ ਹੋਵੇਗਾ ਪਰ ਜਿਸ ਤਰ੍ਹਾਂ ਨਾਲ ਗੁਰਦੁਆਰੇ ਦੇ ਗ੍ਰੰਥੀ ਅਤੇ ਸੇਵਾਦਾਰਾਂ ਦੇ ਅਲਰਟ ਹੋਣ ਨਾਲ ਇਹ ਸਖਸ ਫੜਿਆ ਗਿਆ ਹੈ ਉਹ ਕਾਬਿਲੇਤਾਰੀਫ ਹੈ। ਕੁਝ ਲੋਕ ਮਾਹੌਲ ਖਰਾਬ ਕਰਨ ਦੀ ਸਾਜਿਸ਼ ਰੱਚ ਰਹੇ ਹਨ । ਉਨ੍ਹਾਂ ਨੂੰ ਅਲਰਟ ਰਹਿ ਕੇ ਹੀ ਜਵਾਬ ਦਿੱਤਾ ਜਾ ਸਕਦਾ ਹੈ । ਪੁਲਿਸ ਨੂੰ ਵੀ ਇਸ ਮਾਮਲੇ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਹੈ ਇਸ ਦੀ ਤੈਅ ਤੱਕ ਜਾਣਾ ਚਾਹੀਦਾ ਹੈ। ਕਿਉਂਕਿ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਚਿੰਤਾ ਦੇ ਨਾਲ ਲੋਕਾਂ ਦੇ ਮਨ ਵਿੱਚ ਰੋਸ ਵੀ ਪੈਦਾ ਕਰ ਰਹੀਆਂ ਹਨ ਅਤੇ ਦੁਬਿੱਧਾ ਵੀ । ਆਖਿਰ ਕੌਣ ਹਨ ਉਹ ਲੋਕ ਜਿਹੜੇ ਗੁਰੂ ਘਰ ਤੋਂ ਇਨ੍ਹੀ ਨਫਰਤ ਕਰ ਰਹੇ ਹਨ ।