Punjab

ਮੁਹੱਲਾ ਕਲੀਨਿਕ ‘ਚ ਗੋਲਮਾਲ ! ’25 ਬਿਸਤਰੇ ਵਾਲੇ ਹਸਪਤਾਲ ਨੂੰ ਮੁਹੱਲਾ ਕਲੀਨਿਕ’ ‘ਚ ਬਦਲਿਆ’ ! ਪੇਂਟ ‘ਤੇ 25 ਲੱਖ ਖਰਚੇ!

Sukhpal khair on mohalla clinic

ਬਿਊਰੋ ਰਿਪੋਰਟ : ਪੰਜਾਬ ਸਰਕਾਰ ਆਪਣੇ ਡ੍ਰੀਮ ਪ੍ਰੋਜੈਕਟ ਮੁਹੱਲਾ ਕਲੀਨਿਕ ਦੇ ਦੂਜੇ ਪੜਾਅ ਦੀ ਸ਼ੁੱਕਵਾਰ 27 ਜਨਵਰੀ ਤੋਂ ਸ਼ੁਰੂਆਤ ਕਰਨ ਦਾ ਰਹੀ ਹੈ। ਪਰ ਇਸ ਤੋਂ ਪਹਿਲਾ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭੁੱਲਥ ਵਿੱਚ ਸ਼ੁਰੂ ਹੋਣ ਵਾਲੇ ਮੁਹੱਲਾ ਕਲੀਨਿਕ ਨੂੰ ਲੈਕੇ ਵੱਡੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਨੇ ਮਾਨ ਸਰਕਾਰ ਨੂੰ ਸਮਝਦਾਰੀ ਨਾਲ ਮੁਹੱਲਾ ਕਲੀਨਿਕ ਖੋਲਣ ਦੀ ਸਲਾਹ ਦਿੱਤੀ ਹੈ । ਖਹਿਰਾ ਨੇ ਦੱਸਿਆ ਕੀ ਪੰਜਾਬ ਸਰਕਾਰ ਉਨ੍ਹਾਂ ਦੇ ਹਲਕੇ ਭੁੱਲਥ ਵਿੱਚ ਪੈਂਦੇ 25 ਬਿਸਤਰਿਆਂ ਦੇ ਹਸਪਤਾਲ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਣ ਜਾ ਰਹੀ ਹੈ। ਜਦਕਿ 1982 ਵਿੱਚ ਡੇਰਾ ਕਰਮ ਸਿੰਘ ਮਕਸੂਦਪੁਰ ਨੇ 5 ਏਕੜ ਜ਼ਮੀਨ ਹਸਪਤਾਲ ਦੇ ਲਈ ਡੋਨੇਟ ਕੀਤੀ ਸੀ। ਉਨ੍ਹਾਂ ਕਿਹਾ ਕੀ ਸਰਕਾਰ ਇੱਥੇ OPD ਖੋਲ ਰਹੀ ਹੈ ਜਦਕਿ OPD ਵਾਲਾ ਹਸਪਤਾਲ ਪਹਿਲਾਂ ਤੋਂ ਹੀ ਮੌਜੂਦ ਹੈ । ਉਨ੍ਹਾਂ ਕਿਹਾ OPD ਖੋਲਣ ਦੀ ਥਾਂ ਹਸਪਤਾਲ ਦਾ ਬੁਨਿਆਦਾ ਢਾਂਚਾ ਮਜ਼ਬੂਤ ਕੀਤਾ ਜਾਂਦਾ । ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਹਲਕੇ ਵਿੱਚ ਖੁੱਲਣ ਵਾਲੇ ਮੁਹੱਲਾ ਕਲੀਨਿਕ ਨੂੰ ਲੈਕੇ ਸਵਾਲ ਚੁੱਕੇ ਹਨ ।

ਮਜੀਠੀਆ ਨੇ ਚੁੱਕੇ ਮੁਹੱਲਾ ਕਲੀਨਿਕ ‘ਤੇ ਸਵਾਲ

ਸਾਬਕਾ ਅਕਾਲੀ ਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਬੀਜੇਪੀ ਦੇ ਆਗੂ ਡਾਕਟਰ ਰਾਮ ਚਾਵਲਾ ਨੇ ਮੁਹੱਲਾ ਕਲੀਨਿਕ ਨੂੰ ਲੈਕੇ ਸਵਾਲ ਖੜੇ ਕੀਤੇ ਹਨ । ਮਜੀਠਾ ਹਲਕੇ ਅਧੀਨ ਥਰਿਏਵਾਲ ਵਿੱਚ ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ । ਮਜੀਠਿਆ ਨੇ ਇਲਜ਼ਾਮ ਲਗਾਇਆ ਹੈ ਕੀ ਪੁਰਾਣੀ ਬਿਲਡਿੰਗ ਨੂੰ ਰੰਗ ਕਰਕੇ ਨਵਾਂ ਬਣਾਇਆ ਜਾ ਰਿਹਾ ਹੈ। ਇਸ ‘ਤੇ ਸਰਕਾਰ ਨੇ 25 ਲੱਖ ਰੁਪਏ ਖਰਚ ਕਰ ਦਿੱਤੇ ਹਨ । ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਰਾਣੀ ਛੱਤਾਂ ‘ਤੇ ਫਾਲ ਸੀਲਿੰਗ ਲੱਗਾ ਦਿੱਤੀ ਗਈ ਹੈ । ਦੀਵਾਰਾਂ ਨੂੰ ਪੇਂਟ ਕਰ ਦਿੱਤਾ ਗਿਆ ਹੈ ਅਤੇ ਦਰਵਾਜ਼ੇ ਨੂੰ ਰਿਪੇਅਰ ਕੀਤਾ ਗਿਆ ਹੈ । ਜਿਸ ‘ਤੇ ਖਰਚਾ 25 ਲੱਖ ਦੱਸਿਆ ਜਾ ਰਿਹਾ ਹੈ । ਜਦਕਿ ਇਹ ਕੰਮ 3 ਤੋਂ 4 ਲੱਖ ਰੁਪਏ ਵਿੱਚ ਹੋ ਜਾਂਦਾ ਹੈ । ਮਜੀਠੀਆ ਨੇ ਕਿਹਾ ਇਸ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ।

ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਗਿਣਤੀ 500

ਪੰਜਾਬ ਵਿੱਚ ਮਹੁੱਲਾ ਕਲੀਨਿਕਾਂ ਦੀ ਗਿਣਤੀ 27 ਜਨਵਰੀ ਨੂੰ 500 ਹੋ ਜਾਵੇਗੀ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 400 ਹੋਰ ਨਵੇਂ ਮੁਹੱਲਾ ਕਲੀਨਿਕ ਖੋਲਣ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੀ ਹਾਜ਼ਰ ਹੋਣਗੇ । ਪੰਜਾਬ ਸਰਕਾਰ ਨੇ ਪਹਿਲੇ ਪੜਾਅ ਵਿੱਚ 15 ਅਗਸਤ ਨੂੰ 100 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ । ਪੰਜਾਬ ਸਰਕਾਰ ਦਾ ਦਾਅਵਾ ਹੈ ਕਿ 6 ਮਹੀਨੇ ਦੇ ਅੰਦਰ 10 ਲੱਖ ਲੋਕ ਇਸ ਦੀਆਂ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ । ਸਭ ਤੋਂ ਪਹਿਲਾਂ ਮੁਹੱਲਾ ਕਲੀਨਿਕ ਦਿੱਲੀ ਵਿੱਚ ਖੋਲੇ ਗਏ ਸਨ । ਉਸੇ ਦੀ ਤਰਜ਼ ਤੇ ਹੀ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਸੂਬੇ ਵਿੱਚ ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਜ਼ਮੀਨੀ ਪੱਧਰ ਤੇ ਉਤਾਰਿਆ ਜਾ ਰਿਹਾ ਹੈ ।