Punjab

ਗੁਰਦਾਸਪੁਰ ਵਾਲੇ ਵਿਧਾਇਕ ਦੇ ਪਿਤਾ ਦੇ ਪੱਖ ‘ਚ ਬੋਲੇ ਇਹ ਦੋ ਕਾਂਗਰਸੀ ਆਗੂ,ਆਪ ‘ਤੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਗੁਰਦਾਸਪੁਰ ਤੋਂ ਪਾਰਟੀ ਦੇ ਵਿਧਾਇਕ ਦੇ ਪਿਤਾ ‘ਤੇ ਕਤਲ ਦੇ ਲੱਗੇ ਇਲਜ਼ਾਮਾਂ ਤੋਂ ਬਾਅਦ ਉਹਨਾਂ ਦੇ ਹੱਕ ਵਿੱਚ ਉੱਤਰ ਆਏ ਹਨ। ਆਪਣੇ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪਣੇ ਸਿਆਸੀ ਵਿਰੋਧੀਆਂ ਨਾਲ ਨਿੱਜੀ ਰੰਜਿਸ਼ਾਂ ਕੱਢਣ ਦਾ ਇਲਜ਼ਾਮ ਲਗਾਇਆ ਹੈ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਦੇ ਕਾਰਣ ਆਪ ਨਾ ਮਾੜੇ ਬਣਨ।

ਉਹਨਾਂ ਦਾਅਵਾ ਕੀਤਾ ਹੈ ਕਿ ਆਪ ਨੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਦੇ ਪਿਤਾ ਨੂੰ ਕਤਲ ਵਰਗੇ ਗੰਭੀਰ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਆਪ ਪਾਰਟੀ ਦਾ ਪੰਜਾਬ ਦੀ ਰਾਜਨੀਤੀ ਵਿੱਚ ਸਥਾਈ ਤੌਰ ‘ਤੇ ਬਣੇ ਰਹਿਣਾ ਮੁਸ਼ਕਿਲ ਹੈ ਪਰ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਪੱਕੇ ਤੌਰ ‘ਤੇ ਇੱਥੇ ਹੀ ਰਹਿਣਾ ਪਵੇਗਾ। ਇਹ ਨਕਲੀ ਕ੍ਰਾਂਤੀਕਾਰੀ ਇੱਕ ਵਾਰ ਸੱਤਾ ਤੋਂ ਬਾਹਰ ਹੋ ਗਏ ਤਾਂ ਪੁਲਿਸ ਅਫਸਰਾਂ ਨੂੰ ਅਗਲੀ ਸੱਤਾਧਾਰੀ ਧਿਰ ਲਈ ਨਿਸ਼ਾਨਾ ਬਣਾ ਦੇਣਗੇ।

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਵੀ ਇਸ ਤੋਂ ਪਹਿਲਾਂ ਬਿਆਨ ਦਿੱਤਾ ਸੀ ਤੇ ਵਿਧਾਇਕ ਦੇ ਪਿਤਾ ‘ਤੇ ਕਾਰਵਾਈ ਕਰਨ ਦੀ ਨਿੰਦਾ ਕੀਤੀ ਸੀ।ਉਹਨਾਂ ਕਿਹਾ ਸੀ ਕਿ  ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖ਼ੋਰੀ ਦੀ ਰਾਜਨੀਤੀ ਦੀ ਹੱਦ ਹੀ ਕਰ ਦਿੱਤੀ ਹੈ।  ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ  ਦੇ 70 ਸਾਲਾਂ ਬਜ਼ੁਰਗ ਪਿਤਾ ਗੁਰਮੀਤ ਸਿੰਘ ਪਾਹੜਾ ‘ਤੇ ਨਾਜਾਇਜ਼ 302 ਦਾ ਪਰਚਾ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਹੈ। ਸੱਤਾ ਹਥਿਆਉਣ ਲਈ ‘ਆਪ’ ਐਨੀ ਜ਼ਿਆਦਾ ਲਾਲਚ ਦੇ ਵਿੱਚ ਆ ਗਈ ਹੈ ਕਿ ਹਰ ਹੱਥਕੰਡੇ ਨੂੰ ਅਜ਼ਮਾ ਰਹੀ ਹੈ। ਵੋਟਾਂ ਪਿੱਛੇ ਇਨ੍ਹਾਂ ਨੇ ਤਾਂ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ।

ਆਪ ਨੂੰ ਬੇਸ਼ਰਮ ਸਰਕਾਰ ਦੱਸਦਿਆਂ ਰਾਜਾ ਵੜਿੰਗ ਨੇ ਗੁਰਦਾਸਪੁਰ ਦੇ ਐਸਐਸਪੀ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਸਾਡਾ ਸਿਆਸੀ ਕਰੀਅਰ ਵੀ ਹਾਲੇ ਬਹੁਤ ਪਿਆ ਹੈ,  ਇਹ ਭੁਗਤਨਾ ਪਵੇਗਾ।

ਅੱਜ ਹੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ  ਪਿਤਾ ਗੁਰਮੀਤ ਸਿੰਘ ਪਾਹੜਾ ਨੂੰ ਇੱਕ ਨੌਜਵਾਨ ਦੇ ਹੋਏ ਕਤਲ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ।ਇਹ ਮਾਮਲਾ ਮ੍ਰਿਤਕ ਦੀ ਮਾਤਾ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।