Punjab

ਘੱਲੂਘਾਰੇ ਦੇ ਦਿਨਾਂ ‘ਚ ਸੁਖਪਾਲ ਖਹਿਰਾ ਮੁੜ ਬਣੇ ਕਾਂਗਰਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪਾਰਟੀ ਵਿੱਚ ਜਿੱਥੇ ਇੱਕ ਪਾਸੇ ਲੀਡਰਾਂ ਵਿੱਚ ਆਪਸੀ ਖਿੱਚੋਤਾਣ ਚੱਲ ਰਹੀ ਹੈ, ਉੱਥੇ ਹੀ ਕਾਂਗਰਸ ਦੀ ਇਸ ਖਿੱਚੋਤਾਣ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਵਿੱਚ ਵਾਪਸੀ ਕਰ ਲਈ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਆਮ ਆਦਮੀ ਪਾਰਟੀ ਦੇ ਉਨ੍ਹਾਂ ਦੇ ਸਾਥੀ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਅੱਜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਖੁਦ ਸੁਆਗਤ ਕੀਤਾ। ਕੈਪਟਨ ਅੱਜ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਘਮਸਾਣ ਨੂੰ ਸੁਲਝਾਉਣ ਲਈ ਦਿੱਲੀ ਵਿੱਚ ਹੋ ਰਹੀ ਮੀਟਿੰਗ ਲਈ ਰਵਾਨਾ ਹੋ ਰਹੇ ਸੀ ਪਰ ਉਨ੍ਹਾਂ ਨੇ ਏਅਰਬੇਸ ਤੋਂ ਹੀ ਇਨ੍ਹਾਂ ਵਿਧਾਇਕਾਂ ਦੀ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਵਾਈ। ਕੈਪਟਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਤਿੰਨਾਂ ਸੀਨੀਅਰ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਪ੍ਰਵਾਨਗੀ ਦਿੱਤੀ ਹੈ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਪੱਕੀ ਰਾਏ ਹੈ ਕਿ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ। ਖਹਿਰਾ ਸਮੇਤ ਇਨ੍ਹਾਂ ਵਿਧਾਇਕਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਵਿਧਾਇਕ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਵਿਸ਼ਵਾਸ ਜਤਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਕਾਂਗਰਸ ਦੇ ਬਾਕੀ ਸੀਨੀਅਰ ਲੀਡਰਾਂ ਦਾ ਬਾਅਦ ਵਿੱਚ ਆਸ਼ੀਰਵਾਦ ਦਿਵਾਇਆ ਜਾਵੇਗਾ।

ਦਰਅਸਲ, ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਕਾਂਗਰਸ ਪਾਰਟੀ ਵਿੱਚੋਂ ਨਿਕਲ ਕੇ ਆਪਣੀ ਖੁਦ ਦੀ ਪਾਰਟੀ ਬਣਾ ਲਈ ਸੀ ਪਰ ਹੁਣ ਮੁੜ ਉਨ੍ਹਾਂ ਨੇ ਕਾਂਗਰਸ ਵਿੱਚ ਚੱਲ ਰਹੇ ਖਿੱਚੋਤਾਣ ਦੌਰਾਨ ਪਾਰਟੀ ਵਿੱਚ ਵਾਪਸੀ ਕਰ ਲਈ ਹੈ।