Punjab

ਫੌਜ ਵੱਲੋਂ ਨੁਕਸਾਨੇ ਗਏ ਸਰੂਪ ਦੇ ਅੰਗ ਭੁਰਨ ਕਰਕੇ ਨਹੀਂ ਕੀਤਾ ਗਿਆ ਪ੍ਰਕਾਸ਼ – ਬੀਬੀ ਜਗੀਰ ਕੌਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੰਗਤ ਨੂੰ ਪਹਿਲੀ ਵਾਰ 1984 ਵਿੱਚ ਸਾਕਾ ਨੀਲਾ ਤਾਰਾ ਕਰਕੇ ਨੁਕਸਾਨੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਾਏ ਜਾ ਰਹੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 1984 ਦੌਰਾਨ ਨੁਕਸਾਨੇ ਗਏ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਉਣ ਲਈ ਦੇਸ਼-ਵਿਦੇਸ਼ ਤੋਂ ਬਹੁਤ ਦੇਰ ਤੋਂ ਫੋਨ ਆ ਰਹੇ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਘੱਲੂਘਾਰੇ ਸਮੇਂ ਗੋਲੀਆਂ ਲੱਗੇ ਸੁਨਹਿਰੀ ਪੱਤਰੇ ਅਤੇ ਹੋਰ ਨਿਸ਼ਾਨੀਆਂ ਵੀ ਸੰਗਤ ਲਈ ਜਲਦ ਸੁਸ਼ੋਭਿਤ ਕੀਤੀਆਂ ਜਾਣਗੀਆਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਸਾਰੇ 37 ਸਾਲ ਤੋਂ ਜੂਨ 1984 ਦਾ ਦਰਦ ਆਪਣੇ ਅੰਦਰ ਸਾਂਭਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਰੂਪ ਦਾ ਪ੍ਰਕਾਸ਼ ਨਹੀਂ ਕਰ ਸਕਾਂਗੇ ਕਿਉਂਕਿ ਜਿੱਥੋਂ-ਜਿੱਥੋਂ ਗੋਲੀ ਲੰਘੀ ਹੈ, ਉੱਥੋਂ ਗੁਰੂ ਸਾਹਿਬ ਜੀ ਦੇ ਅੰਗ ਭੁਰਨੇ ਸ਼ੁਰੂ ਹੋ ਗਏ। ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਪਾਵਨ ਸਰੂਪ ਦਾ ਸੁਖ ਆਸਣ ਸਾਹਿਬ ਕਰਕੇ ਹੀ ਰੱਖਿਆ ਜਾਵੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਸੰਗਤਾਂ ਨੂੰ ਇਸ ਪਾਵਨ ਸਰੂਪ ਦੇ ਉੱਥੋਂ ਤੱਕ ਹੀ ਦਰਸ਼ਨ ਕਰਾਂਵਾਗੇ, ਜਿੱਥੋਂ ਗੁਰਬਾਣੀ ਸ਼ੁਰੂ ਨਹੀਂ ਹੁੰਦੀ। ਦੋ ਕੈਮਰੇ 5 ਜੂਨ ਤੱਕ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਮੌਜੂਦ ਰਹਿਣਗੇ ਤਾਂ ਜੋ ਘਰਾਂ ਵਿੱਚ ਬੈਠੀ ਸੰਗਤ ਵੀ ਇਨ੍ਹਾਂ ਪਾਵਨ ਸਰੂਪਾਂ ਦੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ 3 ਜੂਨ ਤੋਂ 5 ਜੂਨ ਤੱਕ ਜੂਨ 1984 ਵਿੱਚ ਫੌਜ ਵੱਲੋਂ ਨੁਕਸਾਨੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਦਰਸ਼ਨ ਸੰਗਤ ਨੂੰ ਕਰਵਾਏ ਜਾਣਗੇ।