ਬਿਊਰੋ ਰਿਪੋਰਟ : ਤੁਹਾਡੀ ਛੋਟੀ ਦੀ ਲਾਪਰਵਾਹੀ ਜ਼ਿੰਦਗੀ ਭਰ ਦਾ ਦਰਦ ਦੇ ਸਕਦੀ ਹੈ, ਕਪੂਰਥਲਾ ਦੇ ਸੁਖਪਾਲ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ 2 ਸਾਲ ਪਹਿਲਾਂ ਉਸ ਨੇ ਬਲੈਕ ਚੈੱਕ ਸਾਈਨ ਕੀਤੇ ਸਨ ਜਿਸ ਦਾ ਫਾਇਦਾ ਕੁਝ ਲਾਲਚੀ ਲੋਕਾਂ ਨੇ ਚੁੱਕਿਆ । 25 ਸਾਲ ਦੀ ਉਮਰ ਵਿੱਚ ਸੁਖਪਾਲ ਨੇ ਵੀਡੀਓ ਬਣਾ ਕੇ ਜ਼ਹਿਰ ਨਿਗਲਿਆ ਅਤੇ ਉਸ ਦੀ ਮੌਤ ਹੋ ਗਈ । ਜਿਵੇਂ ਹੀ ਪਰਿਵਾਰ ਨੂੰ ਸੁਖਪਾਲ ਦੇ ਇਸ ਕਦਮ ਬਾਰੇ ਪਤਾ ਚੱਲਿਆ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਪਰ ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ । ਜ਼ਹਿਰ ਨਿਗਲਨ ਤੋਂ ਬਾਅਦ ਸੁਖਪਾਲ ਸਿੰਘ ਨੇ ਜਿਹੜਾ ਵੀਡੀਓ ਬਣਾਇਆ ਉਸ ਵਿੱਚ ਉਸ ਨੇ ਦੱਸਿਆ ਹੈ ਕਿ ਆਖਿਰ ਕਿਉਂ ਉਹ ਕਦਮ ਚੁੱਕਣ ਦੇ ਲਈ ਮਜ਼ਬੂਰ ਹੋਇਆ ਹੈ ।
ਬਲੈਕ ਚੈੱਕ ਦੇਣਾ ਵੱਡੀ ਗਲਤੀ
ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਸੁਖਪਾਲ ਸਿੰਘ ਦੇ ਪਿਤਾ ਮਖਨ ਸਿੰਘ ਨੇ ਦੱਸਿਆ ਕਿ ਪਿੰਡ ਦੇ 2 ਲੋਕਾਂ ਦੇ ਨਾਲ ਉਸ ਦਾ ਆਲੂ ਦਾ ਹਿਸਾਬ ਸੀ ਜਿਸ ਦੇ ਚੱਲ ਦੇ ਸੁਖਪਾਲ ਨੇ ਉਨ੍ਹਾਂ ਨੂੰ ਆਪਣੇ ਖਾਲੀ ਚੈੱਕ ਦਿੱਤੇ ਸਨ । ਹਿਸਾਬ ਖ਼ਤਮ ਹੋਏ 3 ਤੋਂ 4 ਸਾਲ ਹੋ ਗਏ ਸਨ । ਪਰ ਦੋਵਾਂ ਨੇ ਸੁਖਪਾਲ ਸਿੰਘ ਦੇ ਚੈੱਕ ਵਾਪਸ ਨਹੀਂ ਦਿੱਤੇ ਬਲਕਿ ਸੁਖਪਾਲ ਸਿੰਘ ਨੂੰ 12 ਲੱਖ ਦਾ ਚੈੱਕ ਭਰਕੇ ਪਰੇਸ਼ਾਨ ਕਰਨ ਲੱਗੇ ।
ਪੁਲਿਸ ਨੇ 2 ਮੁਲਜ਼ਮਾਂ ਦੇ ਖਿਲਾਫ FIR ਦਰਜ ਕੀਤੀ
ਪਿਛਲੇ 2 -3 ਸਾਲ ਤੋਂ ਬਲੈਕਮੇਲਿੰਗ ਦਾ ਸਾਹਮਣਾ ਕਰ ਰਿਹਾ ਸੁਖਪਾਲ ਸਿੰਘ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ । ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ,ਇੱਕ ਛੋਟੀ ਗਲਤੀ ਕਹਿ ਲਿਉ ਜਾਂ ਵਿਸ਼ਵਾਸ਼ ਕਰਨ ਦੀ ਭੁੱਲ, ਉਸ ਦੀ ਜ਼ਿੰਦਗੀ ਨਰਕ ਬਣ ਚੁੱਕੀ ਸੀ । ਥੱਕ ਹਾਰ ਉਸ ਨੇ ਉਹ ਕਦਮ ਚੁੱਕ ਲਿਆ ਜੋ ਉਸ ਨੂੰ ਨਹੀਂ ਚੁੱਕਣਾ ਚਾਹੀਦਾ ਸੀ,ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ । ਉਧਰ ਸੁਖਪਾਲ ਸਿੰਘ ਦੇ ਪਿਤਾ ਦੇ ਬਿਆਨ ਦੇ ਅਧਾਰ ‘ਤੇ ਸਦਰ ਪ੍ਰਭਾਰੀ ਸੋਨਮਦੀਪ ਕੌਰ ਨੇ ਮਾਮਲੇ ਦੀ ਫੌਰਨ ਜਾਂਚ ਕਰ ਮੁਲਜ਼ਮ ਸਤਨਾਮ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਨਾਜਰ ਸਿੰਘ ਵਸਨੀਕ ਜਲੋਵਾਲ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ।