India Punjab

ਪੰਜਾਬ ਦੀ ਸਿਆਸਤ ਨਾਲ ਕੀ ਹੈ ‘ਅਰੂਸਾ ਕਨੈਕਸ਼ਨ’

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੀ ਸਿਆਸੀ ਜੰਗ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਵਿੱਚ ਰਹਿਣ ਵਾਲੀ ਮਹਿਲਾ ਮਿੱਤਰ ਵੱਡਾ ਮੁੱਦਾ ਬਣ ਗਈ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਦੇ ਆਈਐਸਆਈ ਨਾਲ ਸੰਬੰਧਾਂ ਦੀ ਜਾਂਚ ਕਰਵਾਉਣ ਲਈ ਇੱਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਇਹ ਸਾਰਾ ਮਸਲਾ ਖੜ੍ਹਾ ਹੋਇਆ ਹੈ। ਹਾਲਾਂਕਿ ਰੰਧਾਵਾ ਨੇ ਬਾਅਦ ਵਿਚ ਇਹ ਟਵੀਟ ਡਲੀਟ ਵੀ ਕਰ ਦਿੱਤਾ ਸੀ।

ਰੰਧਾਵਾ ਦੀ ਇਸ ਪਹਿਲ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਮਹਿਲਾ ਮਿੱਤਰ ਦਾ ਨਾਂ ਵਰਤਣ ’ਤੇ ਤਿੱਖੇ ਤੇਵਰ ਦਿਖਾਏ ਹਨ ਤੇ ਰੰਧਾਵਾ ਤੇ ਅਮਰਿੰਦਰ ਸਿੰਘ ਟਵਿੱਟਰ ਜੰਗ ਛਿੜ ਗਈ। ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰਿੰਦਰ ਨੂੰ ਸਵਾਲ ਕੀਤਾ ਸੀ ਕਿ ਉਹ ਡਰ ਕਿਉਂ ਰਹੇ ਹਨ। ਅਰੂਸਾ ਦਾ ਵੀਜ਼ਾ ਕਿਸਨੇ ਸਪਾਂਸਰ ਕੀਤਾ, ਇਸਦੀ ਪੜਤਾਲ ਕਰਵਾਈ ਜਾਵੇਗੀ।


ਜਵਾਬੀ ਹੱਲੇ ‘ਚ ਅਮਰਿੰਦਰ ਨੇ ਕਿਹਾ ਕਿ 16 ਸਾਲ ਤੋਂ ਅਰੂਸਾ ਉਹਨਾਂ ਕੋਲ ਆ ਰਹੀ ਹੈ। ਹਰ ਵਾਰ ਉਹ ਉਸਦਾ ਵੀਜ਼ਾ ਸਪਾਂਸਰ ਕਰਦੇ ਹਨ। ਉਹਨਾਂ ਕਿਹਾ ਕਿ ਕੀ ਰੰਧਾਵਾ ਐਨਡੀਏ ਸਰਕਾਰ ਤੇ ਯੂਪੀਏ ਸਰਕਾਰ ‘ਤੇ ਵੀ ਆਈਐਸਆਈ ਨਾਲ ਸੰਬੰਧ ਹੋਣ ਦਾ ਸਵਾਲ ਚੁੱਕ ਰਹੇ ਹਨ। ਦੇਰ ਰਾਤ ਅਮਰਿੰਦਰ ਸਿੰਘ ਨੇ ਅਰੂਸਾ ਦੀ ਸੋਨੀਆ ਗਾਂਧੀ ਨਾਲ ਤਸਵੀਰ ਸਾਂਝੀ ਕਰ ਕੇ ਲਿਖਿਆ…’ਉਂਝ ਹੀ’ਅਤੇ ਇਸ ‘ਚ ਰੰਧਾਵਾ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਨੂੰ ਵੀ ਟੈਗ ਕੀਤਾ।

ਦੇਰ ਰਾਤ ਰੰਧਾਵਾ ਦੇ ਸੁਰ ਬਦਲ ਗਏ। ਉਹ ਆਖਣ ਲੱਗ ਪਏ ਕਿ ਵਿਦੇਸ਼ੀ ਵਿਅਕਤੀਆਂ ਦੇ ਮਾਮਲੇ ਦੀ ਜਾਂਚ ਰਿਸਰਚ ਐਂ ਐਨਾਇਸਿਸ ਵਿੰਗ ਯਾਨੀ ਰਾਅ ਵੱਲੋਂ ਕੀਤੀ ਜਾਂਦੀ ਹੈ ਤੇ ਸੂਬਾ ਸਰਕਾਰ ਕੋਈ ਜਾਂਚ ਨਹੀਂ ਕਰ ਰਹੀ ਤੇ ਨਾ ਹੀ ਇਸਦਾ ਅਧਿਕਾਰ ਖੇਤਰ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਤੱਕ ਮੁੱਖ ਮੰਤਰੀ ਹੁੰਦਿਆਂ ਕਿਸੇ ਨੇ ਵੀ ਅਰੂਸਾ ਦੇ ਮਾਮਲੇ ਨੂੰ ਨਹੀਂ ਚੁੱਕਿਆ।

ਇਥੋਂ ਤੱਕ ਕਿ ਸੂਬੇ ਦੇ ਉਸ ਵੇਲੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਤੇ ਡੀ ਜੀ ਪੀ ਦਿਨਕਰ ਗੁਪਤਾ ਦੀਆਂ ਅਰੂਸਾਂ ਨਾਲ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹੀਆਂ। ਅਰੂਸਾ ਦੇਰ ਰਾਤ ਵਾਲੀਆਂ ਪਾਰਟੀਆਂ ਵਿਚ ਹਾਜ਼ਰ ਹੁੰਦੀ ਸੀ ਤੇ ਅਮਰਿੰਦਰ ਵਜ਼ਾਰਤ ਦੇ ਮੰਤਰੀ ਤੇ ਹੋਰ ਮਹਿਮਾਨ ਵੀ ਇਹਨਾਂ ਪਾਰਟੀਆਂ ਵਿਚ ਅਕਸਰ ਦਿੱਸਦੇ ਸਨ।