ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਿੜ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਦਲ ਬਦਲੀ ਦੀਆਂ ਕਨਸੋਆਂ ਹਰ ਪਾਰਟੀ ਤੋਂ ਆ ਰਹੀਆਂ ਹਨ। ਉੱਧਰ ਬੀਜੇਪੀ ਦੇ ਟਕਸਾਲੀ ਆਗੂ ਵਿਜੇ ਸਾਂਪਲਾ ਟਿਕਟ ਨਾ ਮਿਲਣ ਕਰਕੇ ਰਸਤਾ ਬਦਲਣ ਦੀ ਤਿਆਰੀ ਕਰ ਰਹੇ ਹਨ ਤੇ ਇੱਧਰ ਅਕਾਲੀ ਦਲ ਵਿੱਚ ਵੀ ਬਗ਼ਾਵਤੀ ਸੁਰ ਉੱਠਣ ਲੱਗੇ ਹਨ।
ਖ਼ਬਰ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ’ਤੇ ਢੀਂਡਸਾ ਪਰਿਵਾਰ ਨੇ ਵੱਡਾ ਫੈਸਲਾ ਲੈ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ।
ਹਾਸਲ ਜਾਣਕਾਰੀ ਮੁਤਾਬਕ ਢੀਂਡਸਾ ਧੜੇ ਨੇ ਹੰਗਾਮੀ ਮੀਟਿੰਗ ਸੱਦ ਕੇ ਗੱਲ ਬੰਨ੍ਹੇ ਲਾ ਦਿੱਤੀ ਹੈ। ਮੀਟਿੰਗ ਵਿੱਚ ਸੰਗਰੂਰ ਸਮੇਤ ਸਮੁੱਚੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ ਹੈ ਤੇ ਫੈਸਲਾ ਕੀਤਾ ਗਿਆ ਹੈ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ।
ਸੰਗਰੂਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿੱਚ ਅਕਾਲੀ ਦਲ ਦੇ ਉਮੀਦਵਾਰ ਨਾਲ ਜਾਣ ਜਾਂ ਨਾ ਜਾਣ ਬਾਰੇ ਚਰਚਾ ਕੀਤੀ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਜ਼ਿਆਦਾਤਰ ਸਮਰਥਕ ਅਕਾਲੀ ਦਲ ਨਾਲ ਨਾ ਜਾਣ ‘ਤੇ ਅੜੇ ਰਹੇ ਤਾਂ ਕਰਕੇ ਫਿਰ ਇਹ ਫੈਸਲਾ ਲਿਆ ਗਿਆ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਢੀਂਡਸਾ ਪਰਿਵਾਰ ਹਾਲੇ ਅਕਾਲੀ ਦਲ ਦਾ ਵਿਰੋਧ ਨਹੀਂ ਕਰੇਗਾ।