ਬਿਉਰੋ ਰਿਪੋਰਟ :ਇੱਕ ਨਵੰਬਰ ਦੀ ਡਿਬੇਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲ ਪਰਿਵਾਰ ‘ਤੇ ਹਰਿਆਣਾ ਵਿੱਚ ਮੌਜੂਦ ਬਲਸਾਰਾ ਫਾਰਮ ਹਾਊਸ ਦੇ ਖੇਤਾਂ ਲਈ ਵੱਖਰੇ ਤੋਰ ਤੋਂ ਨਹਿਰ ਕਢਾਉਣ ਦਾ ਜਿਹੜਾ ਇਲਜ਼ਾਮ ਲਗਾਇਆ ਸੀ ਉਸ ‘ਤੇ ਸੁਖਬੀਰ ਸਿੰਘ ਬਾਦਲ ਨੇ ਲੀਗਨ ਨੋਟਿਸ ਭੇਜਿਆ ਹੈ ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭੇਜੇ ਗਏ ਇਸ ਨੋਟਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਹੈ । ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ 2 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਸਤਾਵੇਜ਼ ਪੇਸ਼ ਕਰਕੇ ਆਪਣਾ ਇਲਜ਼ਾਮ ਸਾਬਤ ਕਰਨ ਦੀ ਚੁਨੌਤੀ ਦਿੱਤੀ ਸੀ। ਉਸ ਵੇਲੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਬਿਆਨ ਵਾਪਸ ਨਹੀਂ ਲੈਂਦੇ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ਜਿਸ ਦਾ ਨੋਟਿਸ ਹੁਣ 15 ਦਿਨਾਂ ਦੇ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਗਿਆ ਹੈ ।
ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਪੰਜਾਬ ਦੇ ਮੀਡੀਆ ਦੇ ਜ਼ਰੀਏ ਸੂਬੇ ਦੇ ਲੋਕਾਂ ਦੇ ਸਾਹਮਣੇ ਜਿਹੜਾ ਡਰਾਮਾ ਕੀਤਾ ਸੀ ਅਤੇ ਝੂਠ ਬੋਲਿਆ ਉਸ ਦੀ ਵਜ੍ਹਾ ਕਰਕੇ ਲੋਕਾਂ ਵਿੱਚ ਗ਼ਲਤ ਸੁਨੇਹਾ ਗਿਆ ਹੈ। ਸਾਡਾ ਪਰਿਵਾਰ ਹਮੇਸ਼ਾ ਪੰਜਾਬ ਲਈ ਖੜ੍ਹਾ ਰਿਹਾ ਹੈ,ਹਰਿਆਣਾ ਵਿੱਚ ਮੌਜੂਦ ਜਿਹੜੇ ਬਲਸਾਰਾ ਫਾਰਮ ਹਾਊਸ ਵਿੱਚ ਨਹਿਰ ਦੇ ਜ਼ਰੀਏ ਪਾਣੀ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਉਹ ਬੇਬੁਨਿਆਦ ਹੈ ।
ਇਹ ਨਹਿਰ ਤਾਂ ਕੱਢੀ ਗਈ ਸੀ ਜਦੋਂ ਮਹਾ ਪੰਜਾਬ ਸੀ । ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਨਹਿਰ ਚੌਟਾਲਾ ਪਰਿਵਾਰ ਨਾਲ ਦੋਸਤੀ ਦੇ ਇਨਾਮ ਵੱਜੋ ਕੱਢੀ ਗਈ ਸੀ । ਸਿਰਫ਼ ਇੰਨਾ ਹੀ ਨਹੀਂ ਕਾਨੂੰਨੀ ਨੋਟਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਪਰਿਵਾਰ ਦੇ ਖ਼ਿਲਾਫ਼ ਟਰਾਂਸਪੋਰਟ ਨੂੰ ਲਗਾਏ ਗਏ ਇਲਜ਼ਾਮਾਂ ਨੂੰ ਵੀ ਝੂਠ ਕਰਾਰ ਦਿੱਤਾ ਹੈ । ਸੁਖਬੀਰ ਸਿੰਘ ਬਾਦਲ ਨੇ ਲੀਗਲ ਨੋਟਿਸ ਵਿੱਚ ਕਿਹਾ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਕੋਲ ਸਾਰੇ ਸਰਕਾਰੀ ਦਸਤਾਵੇਜ਼ ਹੋਣਗੇ ਇਸ ਦੇ ਬਾਵਜੂਦ ਮੇਰੇ ਅਤੇ ਪਰਿਵਾਰ ਦੇ ਖ਼ਿਲਾਫ਼ ਗ਼ਲਤ ਇਲਜ਼ਾਮ ਲਗਾਏ ਗਏ ਹਨ । ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਦੇ ਪਿੱਛੇ ਗ਼ਲਤ ਇਰਾਦਾ ਅਤੇ ਗਹਿਰੀ ਸਾਜਿਸ਼ ਸੀ ।