‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜਨ ਲਈ ਤਕੜੇ ਜੁਗਾੜੂ ਮੰਨੇ ਜਾਂਦੇ ਹਨ। ਵਿਧਾਨ ਸਭਾ ਦੀਆਂ ਪਿਛਲੀਆਂ ਤਿੰਨ ਚੋਣਾਂ ਵਿੱਚ ਉਹ ਦੋ ਵਾਰ ਦਾਅ ਮਾਰ ਗਏ ਹਨ। ਹਾਲਾਂਕਿ, ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਵਾਰ ਉਹ ਇੱਕ ਗਿਣੀ-ਮਿੱਥੀ ਨੀਤੀ ਤਹਿਤ ਅਗਲੀਆਂ ਚੋਣਾਂ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ ਰੋਕਣਾ ਨਹੀਂ ਚਾਹੁੰਦੇ। ਕਿਸਾਨਾਂ ਨੇ ਹੁਣ ਜਦੋਂ ਪਾਰਟੀ ਦੀਆਂ ਰੈਲੀਆਂ ‘ਤੇ ਰੋਕ ਲਾ ਦਿੱਤਾ ਹੈ ਤਾਂ ਉਨ੍ਹਾਂ ਨੇ 64 ਉਮੀਦਵਾਰਾਂ ਦਾ ਐਲਾਨ ਕਰਕੇ ਸਰਗਰਮੀਆਂ ਜਾਰੀ ਰੱਖਣ ਦਾ ਇੱਕ ਨਵਾਂ ਰਸਤਾ ਲੱਭ ਲਿਆ ਹੈ। ਇਨ੍ਹਾਂ ਵਿੱਚ ਪਹਿਲਾਂ ਐਲਾਨੇ ਗਏ ਉਮੀਦਵਾਰਾਂ ਵਿੱਚ ਸ਼ਾਮਿਲ ਹਨ।
ਸੂਤਰ ਦੱਸਦੇ ਹਨ ਕਿ ਪਿਛਲੀ ਵਾਰ ਅਕਾਲੀ ਦਲ ਦਾ ਮਾਲਵੇ ਵਿੱਚ ਆਧਾਰ ਰਿਹਾ ਸੀ। ਇਸ ਵਾਰ ਸੁਖਬੀਰ ਉਹ ਗਲਤੀ ਦੁਬਾਰਾ ਨਹੀਂ ਦੁਹਰਾਉਣਾ ਚਾਹ ਰਹੇ ਹਨ। ਉਸਨੇ ਸੋਚੀ-ਸਮਝੀ ਰਣਨੀਤੀ ਦੇ ਤਹਿਤ ਨਾ ਸਿਰਫ਼ ਬਾਦਲ ਅਤੇ ਮਜੀਠੀਆ ਪਰਿਵਾਰ ਸਮੇਤ ਪ੍ਰਮੁੱਖ ਉਮੀਦਵਾਰਾਂ ਦੇ ਨਾਂ ਰੋਕ ਲਏ ਹਨ ਸਗੋਂ ਵਿਰੋਧੀ ਪਾਰਟੀਆਂ ਦੇ ਮੁੱਖ ਉਮੀਦਵਾਰਾਂ ਦੇ ਵਿਰੁੱਧ ਵੀ ਉਮੀਦਵਾਰ ਹਾਲੇ ਖੜ੍ਹੇ ਨਹੀਂ ਕੀਤੇ। ਸ਼ਾਇਦ, ਉਹ ਹਾਲ ਦੀ ਘੜੀ ਆਪਣੇ ਬੋਝੇ ਦੇ ਰਾਜੇ, ਰਾਣੀਆਂ, ਵਜ਼ੀਰ, ਘੋੜੇ ਸੰਭਾਲ ਕੇ ਰੱਖਣਾ ਚਾਹੁੰਦੇ ਹਨ। ਉਹ ਦੇਖ ਰਹੇ ਹਨ ਕਿ ਵਿਰੋਧੀ ਉਮੀਦਵਾਰ ਇਨ੍ਹਾਂ ਸੀਟਾਂ ਤੋਂ ਕਿਹੜੇ ਨਾਂਵਾਂ ਦੀ ਚੋਣ ਕਰਦੀ ਹੈ। ਉਹ ਇਸੇ ਹਿਸਾਬ ਨਾਲ ਪੱਤੇ ਖੋਲ੍ਹਣਗੇ।
ਦੱਸ ਦਈਏ ਕਿ ਐਲਾਨੀਆਂ ਸੀਟਾਂ ਵਿੱਚੋਂ ਸਿਰਫ਼ ਇੱਕ ਹੀ ਮਹਿਲਾ ਉਮੀਦਵਾਰ ਵਨਿੰਦਰ ਕੌਰ ਲੂੰਬਾ ਨੂੰ ਟਿਕਟ ਦਿੱਤੀ ਗਈ ਹੈ। ਤੋਤਾ ਸਿੰਘ ਅਤੇ ਉਨ੍ਹਾਂ ਦੇ ਬੇਟੇ ਨੂੰ ਟਿਕਟਾਂ ਦੇਣ ਦਾ ਫੈਸਲਾ ਵਿਵਾਦਾਂ ਵਿੱਚ ਘਿਰ ਗਿਆ ਹੈ ਕਿਉਂਕਿ ਸੁਖਬੀਰ ਨੇ ਇੱਕ ਪਰਿਵਾਰ ਇੱਕ ਸੰਵਿਧਾਨ ਲਾਗੂ ਕੀਤਾ ਸੀ। ਸਿਕੰਦਰ ਸਿੰਘ ਮਲੂਕਾ ਵੱਲੋਂ ਸੁਖਬੀਰ ਦਾਨ ਵਿਰੋਧ ਤਾਂ ਕੀਤਾ ਗਿਆ ਪਰ ਉਹ ਹਮੇਸ਼ਾ ਦੀ ਤਰ੍ਹਾਂ ਦਬਾ ਗਏ। ਨੌਜਵਾਨ ਉਮੀਦਵਾਰਾਂ ਵਿੱਚ ਬੰਟੀ ਰੋਮਾਣਾ, ਸਾਹਿਬ ਸਿੰਘ ਸਾਬੀ, ਮੱਖਣ ਬਰਾੜ, ਵਰਦੇਵ ਮਾਨ ਬੋਨੀ ਅਤੇ ਗੁਲਜ਼ਾਰੀ ਦੇ ਨਾਂ ਲਏ ਜਾ ਸਕਦੇ ਹਨ। ਇਹ ਵੀ ਦੱਸ ਦਈਏ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ। ਇਸ ਤਹਿਤ 20 ਸੀਟਾਂ ਬਸਪਾ ਲਈ ਛੱਡੀਆਂ ਗਈਆਂ ਹਨ। ਕੁੱਲ਼ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ 117 ਸੀਟਾਂ ਵਿੱਚੋਂ 33 ਸੀਟਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ।
ਬਜ਼ੁਰਗ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਬਾਰੇ ਹਾਲੇ ਭੇਦ ਬਣਿਆ ਹੋਇਆ ਹੈ। ਉਂਝ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਾਲ ਦੀ ਘੜੀ ਰਿਜ਼ਰਵ ਦੇ ਤੌਰ ‘ਤੇ ਰੱਖ ਲਿਆ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਉਹ ਲੰਬੀ ਤੋਂ ਚੋਣ ਜਿੱਤਦੇ ਆ ਰਹੇ ਹਨ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਬਾਦਲ ਦਾ ਚੋਣਾਂ ਨੂੰ ਲੈ ਕੇ ਬਸ ਇੰਨਾ ਹੀ ਕਹਿਣਾ ਹੈ ਕਿ ਸਮਾਂ ਆਉਣ ‘ਤੇ ਢੁੱਕਵਾਂ ਫੈਸਲਾ ਲਿਆ ਜਾਵੇਗਾ।