‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਲੜਾਈ ਛੱਡ ਕੇ ਕਰੋਨਾ ਸਥਿਤੀ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਇਸ ਸਮੇਂ ਸੂਬੇ ਵਿੱਚ ਕਰੋਨਾ ਮਹਾਂਮਾਰੀ ਦੀ ਜੋ ਸਥਿਤੀ ਹੈ, ਉਸ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ‘ਤੇ ਧਿਆਨ ਦੇਵੇ। ਸੁਖਬੀਰ ਬਾਦਲ ਨੇ ਕਰੋਨਾ ਸਥਿਤੀ ਨਾਲ ਨਜਿੱਠਣ ਲਈ ਆਲ ਪਾਰਟੀ ਮੀਟਿੰਗ ਸੱਦਣ ਦੀ ਅੱਜ ਫਿਰ ਮੰਗ ਕੀਤੀ।
ਮਦਦ ਕਰਨ ਦਾ ਦਿੱਤਾ ਭਰੋਸਾ
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਰੋਨਾ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਪੂਰੀ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਆਰਥਿਕ ਤੌਰ ‘ਤੇ ਵੀ ਪੰਜਾਬ ਸਰਕਾਰ ਦੀ ਮਦਦ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰ ਲਗਾਤਾਰ ਪਲਾਜ਼ਮਾ ਡੋਨੇਟ ਕਰ ਰਹੇ ਹਨ ਅਤੇ ਮੈਂ ਵੀ ਪਲਾਜ਼ਮਾ ਡੋਨੇਟ ਕਰਾਂਗਾ।
ਸੁਨੀਲ ਜਾਖੜ ਨੂੰ ਦਿੱਤੀ ਚਿਤਾਵਨੀ
ਸੁਖਬੀਰ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸੁਨੀਲ ਜਾਖੜ ਵਿੱਚ ਜੇ ਹਿੰਮਤ ਹੈ ਤਾਂ ਉਹ ਅਬੋਹਰ ਤੋਂ ਚੋਣ ਲੜਨ ਦਾ ਐਲਾਨ ਕਰਨ। ਜੇਕਰ ਜਾਖੜ ਅਬੋਹਰ ਤੋਂ ਚੋਣ ਲੜਨ ਲਈ ਆਉਣਗੇ ਤਾਂ ਅਬੋਹਰ ਦੇ ਲੋਕ ਜਾਖੜ ਨੂੰ ਹਰਾ ਦੇਣਗੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਆਪਣੇ ਹਲਕੇ ਵਿੱਚ ਇਕੱਲੇ ਰਹਿ ਗਏ ਹਨ ਅਤੇ ਫਾਜ਼ਿਲਕਾ ਹਲਕੇ ਦੇ ਸਾਰੇ ਕਾਂਗਰਸੀ ਮੇਰੇ ਨਾਲ ਹਨ। ਦਰਅਸਲ, ਅੱਜ ਫਾਜ਼ਿਲਕਾ ਤੋਂ ਕਾਂਗਰਸ ਵਿਧਾਇਕ ਡਾ. ਮੋਹਿੰਦਰ ਰਿਨਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ।