‘ਦ ਖ਼ਾਲਸ ਬਿਊਰੋ : ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ ਜਾਂਦਾ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ‘ਰੰਗਲੇ ਪੰਜਾਬ’ ਦੇ ਦਾਅਵਿਆਂ ਨਾਲ ਬਣੀ ‘ਆਪ’ ਸਰਕਾਰ ਤੋਂ ਪੰਜਾਬ ਦੀ ਜਨਤਾ ਸਿਰਫ਼ ਛੇ ਮਹੀਨੇ ’ਚ ਦੁਖੀ ਹੋ ਚੁੱਕੀ ਹੈ। ਸੂਬੇ ਦੀ ਜਨਤਾ ਨੂੰ ਇਸ ਸਰਕਾਰ ਦੀ ਅਗਵਾਈ ਹੇਠ ਲੰਘਣ ਵਾਲੇ ਆਗਾਮੀ ਸਾਢੇ ਚਾਰ ਸਾਲਾਂ ਦਾ ਫ਼ਿਕਰ ਪੈ ਰਿਹਾ ਹੈ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਸਰਕਾਰ ਦੇ ਖ਼ਰਚੇ ’ਤੇ ਦੂਜੇ ਸੂਬਿਆਂ ਵਿੱਚ ਰਾਜਨੀਤੀ ਕਰ ਰਹੇ ਹਨ ਜਦਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲ ਸੂਬੇ ਦੇ ਬਹੁ-ਪੱਖੀ ਵਿਕਾਸ ਦਾ ਕੋਈ ਠੋਸ ਏਜੰਡਾ ਨਹੀਂ ਹੈ, ਸਮੁੱਚੀ ਸਰਕਾਰ ਸਿਆਸੀ ਪ੍ਰਾਪੇਗੰਡਾ ਨਾਲ ਚਲਾਈ ਜਾ ਰਹੀ ਹੈ। ਇਸ ਦਾ ਸੱਚ ਹੁਣ ਜਨਤਾ ਦੇ ਸਾਹਮਣੇ ਆ ਰਿਹਾ ਹੈ।
ਬਾਦਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਹਿਜ਼ ਚਾਰ ਬੈਂਚ ਲਗਾ ਕੇ ਬਹੁਤ ਵੱਡੇ ਮਾਅਰਕੇ ਵਜੋਂ ਦਰਸਾਇਆ ਜਾ ਰਿਹਾ ਹੈ ਜਦਕਿ ਅਕਾਲੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਣਹਾਰ ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਵਾਲੇ ਮੈਰੀਟੋਰੀਅਸ ਸਕੂਲ ਜਿਹੇ ਠੋਸ ਉਪਰਾਲੇ ਕੀਤੇ ਗਏ ਸਨ।