‘ਦ ਖ਼ਾਲਸ ਬਿਊਰੋ : ਰਿਸ਼ਵਖੋਰੀ ਦੇ ਸੱਤ ਸਾਲ ਪੁਰਾਣੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੂੰ ਚਾਰ ਸਾਲਾਂ ਦੀ ਕੈਦ ਅਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਹੋਇਆ ਹੈ। ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿਚਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਬਲਕਾਰ ਸਿੰਘ ਸੈਣੀ ਨਾਮ ਦਾ ਵਿਅਕਤੀ ਰਾਸ਼ਨ ਦਾ ਡਿੱਪੂ ਚਲਾਉਂਦਾ ਹੈ। ਉਸ ’ਤੇ ਰਾਸ਼ਨ ਨੂੰ ਮਹਿੰਗੇ ਭਾਅ ’ਤੇ ਵੇਚਣ ਦਾ ਦੋਸ਼ ਸੀ। ਉਸ ਖ਼ਿਲਾਫ਼ ਪੁਲਿਸ ਨੇ ਸਾਲ 2014 ਵਿੱਚ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਬ ਇੰਸਪੈਕਟਰ ਅਰਵਿੰਦ ਕੁਮਾਰ ਜ਼ਰੂਰੀ ਵਸਤਾਂ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਇਸ ਕੇਸ ਦਾ ਜਾਂਚ ਅਧਿਕਾਰੀ ਸੀ। ਅਰਵਿੰਦ ਕੁਮਾਰ ਨੇ ਬਲਕਾਰ ਸਿੰਘ ਨੂੰ ਕੇਸ ਵਿੱਚੋਂ ਬਾਹਰ ਕੱਢਣ ਲਈ ਉਸ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਅਖੀਰ ਸਮਝੌਤਾ 10 ਹਜ਼ਾਰ ਰੁਪਏ ’ਚ ਤੈਅ ਹੋ ਗਿਆ।
ਇਸ ਬਾਰੇ ਡਿੱਪੂ ਹੋਲਡਰ ਬਲਕਾਰ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ’ਤੇ ਸੀਬੀਆਈ ਦੀ ਟੀਮ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਟਰੈਪ ਲਗਾ ਕੇ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਸੀਬੀਆਈ ਦੀ ਅਦਾਲਤ ਨੇ ਕੇਸ ਦਾ ਨਿਬੇੜਾ ਕਰਦਿਆਂ ਅਰਵਿੰਦ ਕੁਮਾਰ ਨੂੰ ਚਾਰ ਸਾਲਾਂ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ।