Punjab

ਮੋਗਾ ਪੁਲਿਸ ਨੇ ਖਾਧਾ ਭੁਲੇਖਾ, ਇਹ ਗਲਤੀ ਪਈ ਮਹਿੰਗੀ !

Arms license issued to a gangster in Moga at a fake address

‘ਦ ਖ਼ਾਲਸ ਬਿਊਰੋ : ਮੋਗਾ ਪੁਲੀਸ ਇੱਕ ਗੈਂਗਸਟਰ ਦੇ ਫ਼ਰਜ਼ੀ ਪਤੇ ’ਤੇ ਬਣੇ ਅਸਲਾ ਲਾਇਸੈਂਸ ਨੂੰ ਜਾਇਜ਼ ਕਰਾਰ ਦੇਣ ਕਰਕੇ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਜ਼ਿਲ੍ਹਾ ਸੰਗਰੂਰ ਵਾਸੀ ਇੱਕ ਗੈਂਗਸਟਰ ਨੇ ਕਥਿਤ ਸਿਆਸੀ ਪਹੁੰਚ ਨਾਲ ਖੁਦ ਨੂੰ ਮੋਗਾ ਦਾ ਵਾਸੀ ਦੱਸ ਕੇ ਸਾਲ 2010 ਵਿੱਚ ਅਸਲਾ ਲਾਇਸੈਂਸ ਲਿਆ ਸੀ। ਸੰਗਰੂਰ ਦੇ ਤਤਕਾਲੀ ਐੱਸਐੱਸਪੀ ਨੇ ਪੱਤਰ ਜਾਰੀ ਕਰਕੇ ਮੋਗਾ ਪੁਲੀਸ ਨੂੰ ਇੱਕ ਮੁਲਜ਼ਮ ਬਾਰੇ ਸੂਚਿਤ ਵੀ ਕੀਤਾ ਸੀ। ਉਨ੍ਹਾਂ ਪੱਤਰ ਰਾਹੀਂ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਸੰਗਰੂਰ ’ਚ ਹੱਤਿਆ, ਜਾਨਲੇਵਾ ਹਮਲੇ ਸਣੇ ਵੱਖ-ਵੱਖ ਧਾਰਾਵਾਂ ਤਹਿਤ 20 ਅਪਰਾਧਕ ਕੇਸ ਦਰਜ ਹਨ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਮੁਤਾਬਕ ਮੁਲਜ਼ਮ ਨੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਹਕੂਮਤ ਦੌਰਾਨ ਸਥਾਨਕ ਦਸ਼ਮੇਸ ਨਗਰ ਘਰ ਦਾ ਪਤਾ ਦੱਸ ਕੇ ਅਸਲਾ ਲਾਇਸੈਂਸ ਜਾਰੀ ਕਰਵਾਇਆ ਹੋਇਆ ਹੈ। ਉਕਤ ਪੱਤਰ ਉੱਤੇ ਥਾਣਾ ਸਿਟੀ ਪੁਲੀਸ ਵਿੱਚ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ-420, 465, 467, 468, 471 ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੁਲੀਸ ਰਿਕਾਰਡ ਮੁਤਾਬਕ 3 ਨਵੰਬਰ 2019 ਨੂੰ ਇਹ ਐੱਫਆਈਆਰ ਰੱਦ ਦਿੱਤੀ ਗਈ ਸੀ।

ਹੁਣ ਇਹ ਮਾਮਲਾ ਅੰਮ੍ਰਿਤਸਰ ’ਚ ਹਿੰਦੂ ਆਗੂ ਅਤੇ ਕੋਟਕਪੂਰਾ ’ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਰਕਾਰ ਦੇ 90 ਦਿਨਾਂ ਵਿੱਚ ਹਥਿਆਰਾਂ ਦੀ ਸਮੀਖਿਆ ਦੇ ਹੁਕਮ ਮਗਰੋਂ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਅਸਲਾ ਲਾਇਸੈਂਸਾਂ ਦੀ ਪੜਤਾਲ ਚੱਲ ਰਹੀ ਹੈ। ਰੋਜ਼ਾਨਾ ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 9 ਦਿਨਾਂ ਦੌਰਾਨ ਸੂਬੇ ’ਚ ਕਰੀਬ 897 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।