The Khalas Tv Blog Punjab ਹਾਜ਼ਰੀ ਪੂਰੀ ਨਾ ਕਰਨ ਦੇ ਵਿਦਿਆਰਥੀ ਨੇ ਕੀਤਾ ਆਪਣੇ ਹੀ ਪ੍ਰੋਫੈਸਰ ਦਾ ਆਹ ਹਾਲ,ਪਹੁੰਚਾਇਆ ਹਸਪਤਾਲ
Punjab

ਹਾਜ਼ਰੀ ਪੂਰੀ ਨਾ ਕਰਨ ਦੇ ਵਿਦਿਆਰਥੀ ਨੇ ਕੀਤਾ ਆਪਣੇ ਹੀ ਪ੍ਰੋਫੈਸਰ ਦਾ ਆਹ ਹਾਲ,ਪਹੁੰਚਾਇਆ ਹਸਪਤਾਲ

ਚੰਡੀਗੜ੍ਹ : ਪੰਜਾਬ ਵਿੱਚ ਆਏ ਦਿਨ ਗੁੰਡਾਗਰਦੀ ਤੇ ਮਾਰਨ-ਕੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਕਾਲਜ  ਤੇ ਯੂਨੀਵਰਸਿਟੀਆਂ ਵੀ ਇਸ ਤੋਂ ਅਲੱਗ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਯੂਨੀਵਰਸਿਟੀ ‘ਚ,ਜਿਥੇ ਹਾਜ਼ਰੀ ਪੂਰੀ ਨਾ ਕਰਨ ‘ਤੇ 5-6 ਵਿਦਿਆਰਥੀਆਂ ਨੇ ਮਿਲ ਕੇ ਪ੍ਰੋਫੈਸਰ ਨਾਲ ਕੁੱਟਮਾਰ ਕੀਤੀ ਤੇ  ਲੱਤ-ਬਾਂਹ ਵੀ ਤੋੜ ਦਿੱਤੀ।

ਅਸਿਸਟੈਂਟ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ‘ਚ ਸੈਕਟਰ 32 ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ 17 ਮਈ ਸ਼ਾਮ 4:30 ਵਜੇ ਦਾ ਹੈ। ਖਰੜ ਸਿਟੀ ਪੁਲੀਸ ਨੇ ਮੁਲਜ਼ਮ ਵਿਦਿਆਰਥੀ ਪੁਨੀਤ ਯਾਦਵ ਅਤੇ ਪੰਜ-ਛੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ‘ਚ ਪੁਨੀਤ ਯਾਦਵ ਅਤੇ ਅਰਲੀਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਓਮੇਗਾ ਸਿਟੀ ਖਰੜ ਦੇ ਰਹਿਣ ਵਾਲੇ ਪ੍ਰੋਫੈਸਰ ਇਰਸ਼ਾਦ ਮਲਿਕ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹਨ। ਇਰਸ਼ਾਦ ਮਲਿਕ ਦੀ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਪੁਨੀਤ ਯਾਦਵ ਕਈ ਦਿਨਾਂ ਤੋਂ ਆਪਣੀ ਹਾਜ਼ਰੀ ਪੂਰੀ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

17 ਮਈ ਦੀ ਸ਼ਾਮ ਨੂੰ ਪ੍ਰੋਫੈਸਰ ਇਰਸ਼ਾਦ ਮਲਿਕ ਯੂਨੀਵਰਸਿਟੀ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਸਾਥੀ ਨਾਲ ਕਾਰ ਵਿੱਚ ਘਰ ਵਾਪਸ ਪਰਤੇ ਤੇ ਜਦੋਂ  ਓਮੇਗਾ ਸਿਟੀ ਦੇ ਬਾਹਰ ਕਾਰ ਤੋਂ ਉਤਰ ਕੇ ਉਹ ਆਪਣੇ ਫਲੈਟ ਵੱਲ ਜਾਣ ਲੱਗੇ ਤਾਂ 5-6 ਨੌਜਵਾਨਾਂ ਨੇ ਉਹਨਾਂ ਨੂੰ ਘੇਰ ਲਿਆ। ਇਨ੍ਹਾਂ ਨੌਜਵਾਨਾਂ ਨੇ ਹੱਥਾਂ ਵਿੱਚ ਡੰਡੇ ਲਏ ਹੋਏ ਸਨ ਅਤੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਤੇ ਇਹਨਾਂ ਸਾਰਿਆਂ ਨੇ ਇਰਸ਼ਾਦ ਮਲਿਕ ‘ਤੇ ਹਮਲਾ ਕਰ ਦਿੱਤਾ।

ਪ੍ਰੋਫੈਸਰ ਇਰਸ਼ਾਦ ਮਲਿਕ ਨੇ ਇਨ੍ਹਾਂ ਹਮਲਾਵਰਾਂ ਵਿੱਚੋਂ ਇੱਕ ਪੁਨੀਤ ਯਾਦਵ ਦੀ ਪਛਾਣ ਕੀਤੀ ਹੈ। ਪੁਨੀਤ ਯਾਦਵ ਨੇ ਇਰਸ਼ਾਦ ਮਲਿਕ ਦੇ ਸਿਰ ‘ਤੇ ਸੋਟੀ ਮਾਰੀ, ਜਿਸ ਨੂੰ ਬਚਾਉਣ ਲਈ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ। ਹਮਲੇ ‘ਚ ਇਰਸ਼ਾਦ ਮਲਿਕ ਦੀ ਖੱਬੀ ਬਾਂਹ ਅਤੇ ਸੱਜੀ ਲੱਤ ‘ਚ ਫਰੈਕਚਰ ਹੋ ਗਿਆ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ।

ਇਸ ਦੌਰਾਨ ਪ੍ਰੋਫੈਸਰ ਇਰਸ਼ਾਦ ਮਲਿਕ ਨੇ ਆਪਣੀ ਜਾਨ ਬਚਾਉਣ ਲਈ ਰੌਲਾ ਪਾਇਆ, ਜਿਸ ਨੂੰ ਸੁਣ ਕੇ ਸੜਕ ਤੋਂ ਲੰਘ ਰਹੇ ਲੋਕ ਇਕੱਠੇ ਹੋ ਗਏ। ਲੋਕਾਂ ਦਾ ਇਕੱਠ ਦੇਖ ਕੇ ਨੌਜਵਾਨ ਇਰਸ਼ਾਦ ਮਲਿਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਗੰਭੀਰ ਜ਼ਖਮੀ ਇਰਸ਼ਾਦ ਮਲਿਕ ਨੂੰ ਤੁਰੰਤ ਸਰਕਾਰੀ ਹਸਪਤਾਲ ਖਰੜ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਸੈਕਟਰ 32 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

Exit mobile version