ਰੋਹਤਕ : ਡੇਰਾ ਸਾਧ ਦੇ ਪੈਰੋਲ ‘ਤੇ ਬਾਹਰ ਆ ਜਾਣ ਤੋਂ ਬਾਅਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਇਸ ਦੇਸ਼ ਵਿੱਚ ਸਿੱਖਾਂ ਤੇ ਬਲਾਤਕਾਰੀਆਂ ਲਈ ਕਾਨੂੰਨ ਵਖਰੇ ਹਨ । ਕਿਉਂਕਿ ਸਰਕਾਰ ਇੱਕ ਕਾਤਲ ਤੇ ਬਲਾਤਕਾਰੀ ਨੂੰ ਹਰ ਡੇਢ ਮਹੀਨੇ ਬਾਅਦ ਪੈਰੋਲ ਦੇ ਦਿੰਦੀ ਹੈ ਪਰ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ ਜਦੋਂ ਕਿ ਉਹਨਾਂ ਦਾ ਜੇਲ੍ਹ ਵਿੱਚ ਰਿਕਾਰਡ ਵੀ ਬਹੁਤ ਚੰਗਾ ਹੈ ਤੇ ਉਹ ਆਪਣੀ ਬਣਦੀ ਸਜ਼ਾ ਵੀ ਭੁਗਤ ਚੁੱਕੇ ਹਨ।
ਰਾਮ ਰਹੀਮ ਦੇ ਬਾਹਰ ਆਉਣ ਨਾਲ ਪੰਜਾਬ ਦੇ ਮਾਹੌਲ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਕਿਉਂਕਿ ਬਾਹਰ ਆ ਕੇ ਡੇਰਾ ਸਾਧ ਜਾਣ ਬੁਝ ਕੇ ਅਜਿਹੀਆਂ ਹਰਕਤਾਂ ਕਰਦਾ ਹੈ ,ਜਿਸ ਨਾਲ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿੱਚ ਪਾੜਾ ਵਧੇ।
ਉਹਨਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ,ਜੋ ਕਿ ਪਹਿਲਾਂ ਹੀ ਏਨੀ ਸਜ਼ਾ ਭੁਗਤ ਚੁੱਕੇ ਹਨ,ਨੂੰ ਰਿਹਾਅ ਕੀਤਾ ਜਾਵੇ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰਾਮ ਰਹੀਮ ਨੂੰ ਮੁੜ ਜੇਲ੍ਹ ਭੇਜਿਆ ਜਾਵੇ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਸਾਧ ਦੀ ਰਿਹਾਈ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਆਪਣੇ ਟਵਿੱਟਰ ਤੇ ਉਹਨਾਂ ਸਖ਼ਤ ਸ਼ਬਦਾਂ ਵਿੱਚ ਸਵਾਲ ਉਠਾਇਆ ਹੈ ਕਿ ਇਹ ਬਲਾਤਕਾਰੀ ਕਾਤਲ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਜਾਂ ਜਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ? ਇਸ ਦੀ ਸੁਰੱਖਿਆ ‘ਤੇ ਕਿੰਨੇ ਕਰੋੜ ਰੁਪਏ ਖਰਚ ਹੋਏ ਹਨ? ਉਸ ਨੂੰ ਜੇਲ੍ਹ ਵਿੱਚ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ? ਸਰਕਾਰ ਵਿੱਚ ਕਿਹੜਾ ਮੰਤਰੀ ਉਸਦਾ ਸ਼ਰਧਾਲੂ ਹੈ?
ਆਪਣੇ ਇਸ ਟਵੀਟ ਵਿੱਚ ਉਹਨਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ,ਜਿਸ ਵਿੱਚ ਸੌਦਾ ਸਾਧ ਨੂੰ ਭਾਰੀ ਸੁਰੱਖਿਆ ਹੇਠ ਉਸ ਦੇ ਬਾਗਪਤ ਆਸ਼ਰਮ ਵਿੱਚ ਲਿਆਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਉਹਨਾਂ ਕੁੱਝ ਟਵੀਟ ਕੀਤੇ ਸੀ ,ਜਿਸ ਵਿੱਚ ਉਹਨਾਂ ਤੰਜ ਕਸਦਿਆਂ ਹੋਇਆ ਕਿਹਾ ਸੀ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੁਣ ਪਾਰ ਹੋ ਚੁਕੀਆਂ ਹਨ। ਬਲਾਤਕਾਰੀ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹਨਾਂ ਦੇਸ਼ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਧੀਆਂ ਬਚਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਸੌਦਾ ਸਾਧ ਵਰਗੇ ਬਲਾਤਕਾਰੀ ਆਜ਼ਾਦ ਘੁੰਮ ਰਹੇ ਹਨ। ਅਜਿਹਾ ਉਹਨਾਂ ਆਪਣੇ ਟਵਿੱਟ ਵਿੱਚ ਲਿੱਖਿਆ ਹੈ।
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਡੇਰਾ ਸਾਧ ਨੂੰ ਮਿਲੀ ਪੈਰੋਲ ਨੂੰ ਜਾਇਜ਼ ਤੇ ਕਾਨੂੰਨ ਦੇ ਅਧੀਨ ਹੋਈ ਕਾਰਵਾਈ ਦੱਸਿਆ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਇਸ ‘ਤੇ ਇਤਰਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ ਹੈ ਕਿਉਂਕਿ ਕੁਝ ਲੋਕ ਇਸ ਨੂੰ ਲੈ ਕੇ ਅਦਾਲਤ ਵੀ ਗਏ ਹਨ ਪਰ ਉਹਨਾਂ ਨੂੰ ਖਾਲੀ ਹੱਥ ਵਾਪਸ ਆਉਣ ਪਿਆ ਹੈ। ਇਸ ਸਭ ਕੁੱਝ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਹੋਇਆ ਹੈ ਤੇ ਉਹਨਾਂ ਦੇ ਬਾਹਰ ਆਉਣ ਨਾਲ ਕਿਸੇ ਵੀ ਕਿਸਮ ਦਾ ਖਤਰਾ ਉਤਪੰਨ ਨਹੀਂ ਹੁੰਦਾ ਹੈ ਹਾਲਾਂਕਿ ਕੁੱਝ ਲੋਕਾਂ ਨੇ ਉਹਾਨਂ ਨਾਲ ਪਹਿਲਾਂ ਝੱਗੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸ਼ਾਂਤ ਰਹੇ। ਇਸ ਲਈ ਹੁਣ ਇਹ ਪੈਰੋਲ ਉਹਨਾਂ ਨੂੰ ਮਿਲੀ ਹੈ।