Punjab

ਦੀਵਾਲੀ ‘ਤੇ ਪਟਾਕੇ ਵੇਚਣ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ‘ਤੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਆਰਜ਼ੀ ਲਾਇਸੈਂਸ ਪ੍ਰਾਪਤ ਕਰਨ ਵਾਲਿਆਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 29 ਸਤੰਬਰ ਤੋਂ 3 ਅਕਤੂਬਰ 2025 ਤੱਕ ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਹ ਅਰਜ਼ੀਆਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਇਸ ਮਿਆਦ ਤੋਂ ਬਾਅਦ ਆਉਣ ਵਾਲੀਆਂ ਅਰਜ਼ੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਚਾਹਵਾਨਾਂ ਨੂੰ ਬਿਨੈਕਾਰ 18 ਸਾਲ ਤੋਂ ਵੱਧ ਉਮਰ ਦਾ ਹੋਣਾ ਜ਼ਰੂਰੀ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਜਾਰੀ ਹੁਕਮਾਂ ਅਨੁਸਾਰ, ਪਟਾਕੇ ਚਲਾਉਣ ਦਾ ਸਮਾਂ ਸੀਮਤ ਹੈ।

ਦੀਵਾਲੀ (20 ਅਕਤੂਬਰ 2025) ਵਾਲੇ ਦਿਨ ਰਾਤ 8 ਤੋਂ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਤੋਂ 10 ਵਜੇ ਤੱਕ, ਜਦਕਿ ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਬਾਹਰ ਚਲਾਉਣ ਨਾਲ ਪੁਲਿਸ ਵਿਭਾਗ ਵੱਲੋਂ ਐਕਸਪਲੋਸਿਵ ਰੂਲਜ਼ 2008 ਅਧੀਨ ਕਾਰਵਾਈ ਕੀਤੀ ਜਾਵੇਗੀ।ਜ਼ਿਲ੍ਹੇ ਵਿੱਚ ਕੁੱਲ 67 ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਵਿੱਚ ਫ਼ਾਜ਼ਿਲਕਾ ਵਿੱਚ 18, ਅਬੋਹਰ ਵਿੱਚ 25, ਜਲਾਲਾਬਾਦ ਵਿੱਚ 18 ਅਤੇ ਅਰਨੀਵਾਲਾ-ਸ਼ੇਖੂਸੁਭਾਨ ਵਿੱਚ 6 ਸ਼ਾਮਲ ਹਨ। ਲਾਇਸੈਂਸ ਧਾਰਕ ਪਟਾਕੇ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਵੇਚ ਸਕਣਗੇ।

ਵਿਕਰੀ ਲਈ ਨਿਰਧਾਰਤ ਜਗ੍ਹਾਵਾਂ ਵਿੱਚ ਫ਼ਾਜ਼ਿਲਕਾ ਲਈ ਬਹੁਮੰਡਵੀ ਖੇਡ ਸਟੇਡੀਅਮ ਐੱਮ.ਆਰ. ਕਾਲਜ ਰੋਡ (ਸਿਵਾਏ ਪਲੇਅ ਗ੍ਰਾਊਂਡ ਏਰੀਆ), ਅਬੋਹਰ ਲਈ ਪੁੱਡਾ ਕਾਲੋਨੀ ਫ਼ਾਜ਼ਿਲਕਾ ਰੋਡ, ਜਲਾਲਾਬਾਦ ਲਈ ਬਹੁਮੰਡਵੀ ਖੇਡ ਸਟੇਡੀਅਮ (ਸਿਵਾਏ ਪਲੇਅ ਗ੍ਰਾਊਂਡ) ਅਤੇ ਅਰਨੀਵਾਲਾ-ਸ਼ੇਖੂਸੁਭਾਨ ਲਈ ਥਾਣਾ ਨਾਲ ਲੱਗਦੀ ਪੰਚਾਇਤੀ ਜਗ੍ਹਾ ਸ਼ਾਮਲ ਹੈ। ਇਹ ਯੋਜਨਾ ਪ੍ਰਦੂਸ਼ਣ ਘਟਾਉਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਹੈ।