Punjab

ਆਡੀਓ ਲੀਕ ਮਾਮਲਾ : ਕੈਬਨਿਟ ਮੰਤਰੀ ਸਰਾਰੀ ਖ਼ਿਲਾਫ਼ ਹੋ ਸਕਦੀ ਇਹ ਸਖ਼ਤ ਕਾਰਵਾਈ..

Cabinet Minister Fauja Singh Sarari in the audio clip case

ਚੰਡੀਗੜ੍ਹ : ਆਡੀਓ ਕਲਿੱਪ ਮਾਮਲੇ(leaked audio case) ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ(Cabinet Minister Fauja Singh Sarari )ਬਾਰੇ ਅਗਲੇ ਦੋ ਦਿਨਾਂ ਵਿੱਚ ਆਮ ਆਮਦੀ ਪਾਰਟੀ ਵੱਡਾ ਐਕਸ਼ਨ ਲੈ ਸਕਦੀ ਹੈ। ਉਨ੍ਹਾਂ ਦੀ ਕੈਬਨਿਟ ਵਿੱਚੋਂ ਛਾਂਟੀ ਹੋਣ ਦੀ ਤਲਵਾਰ ਲਟਕਣ ਲੱਗੀ ਹੈ। ਦਰਅਸਲ ਇਸ ਮਾਮਲੇ ਦੇ ਤੂਲ ਫੜ੍ਹਣ ਨਾਲ ਵਿਰੋਧੀ ਪਾਰਟੀਆਂ ਨੇ ਆਪ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੁਦ ਰਾਜਸਭਾ ਮੈਂਬਰ ਰਾਘਵ ਚੱਢਾ(Rajya Sabha Member Raghav Chadha) ਇਸ ਮਾਮਲੇ ਨੂੰ ਦੇਖ ਰਹੇ ਹਨ। ਇਸ ਮਾਮਲੇ ਕਾਰਨ ਆਪ ਦੀ ਸਾਖ਼ ਖਰਾਬ ਹੋ ਰਹੀ ਹੈ ਅਤੇ ਹੋਰ ਤੂਲ ਫੜ੍ਹਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਦੌਰੇ ਤੋਂ ਆਉਣ ਤੋਂ ਤੁਰੰਤ ਬਾਅਦ ਸਰਾਰੀ ਖਿਲਾਫ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿੱਚ ਇਸਦਾ ਖੁਲਾਸਾ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਘਵ ਚੱਢਾ ਖੁਦ ਇਸ ਮਾਮਲੇ ਨੂੰ ਬਹੁਤ ਨੇੜੀਓਂ ਦੇਖ ਰਹੇ ਹਨ। ਉਹ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੁਰਾਣੇ ਓਐੱਸਡੀ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ। ਚੱਢਾ ਨੂੰ ਇਸ ਮਾਮਲੇ ਵਿੱਚ ਸਾਰੇ ਸਬੂਤ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਸ ਸਾਰੇ ਮਾਮਲੇ ਬਾਰ ਜਾਣੂ ਕਰਵਾ ਦਿੱਤਾ ਹੈ।

ਜ਼ਿਕਰਯੋਗ ਹੈਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਓਐੱਸਡੀ ਤਰਸੇਮ ਲਾਲ ਕਪੂਰ ਦੀ ਇੱਕ ਕਥਿਤ ਤੌਰ ਉੱਤ ਗੱਲਬਾਤ ਕਰਦਿਆਂ ਦੀ ਇੱਕ ਆਡੀਓ ਵਾਇਰਲ ਹੋਈ ਸੀ। ਇਸ ਆਡੀਓ ਵਿੱਚ ਕਿਸੇ ਮਾਮਲੇ ਵਿੱਚ ਸੌਦੇਬਾਜੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਖਾਸ ਗੱਲ ਹੈ ਕਿ ਖੁਦ ਤਰਸੇਮ ਲਾਲ ਕਪੂਰ ਨੇ ਇਹ ਆਡੀਓ ਮੁੱਖ ਮੱਤਰੀ ਭਗਵੰਤ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਅੱਗੇ ਭੇਜੀ।

ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਬਾਰੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਆਪਣੇ ਓਐੱਸਡੀ ਨਾਲ ਕਥਿਤ ਗੱਲਬਾਤ ਤੋਂ ਬਾਅਦ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਉਹ ਕੁਝ ਅਧਿਕਾਰੀਆਂ ਨੂੰ ਫਸਾ ਕੇ ਉਨ੍ਹਾਂ ਤੋਂ ਪੈਸੇ ਲੈਣ ਦੀ ਯੋਜਨਾ ਬਣਾ ਰਹੇ ਸਨ।

ਖਹਿਰਾ ਨੇ ਆਪਣੇ ਟਵਿਟਰ ਹੈਂਡਲ ‘ਤੇ ਆਡੀਓ ਕਲਿੱਪ ਵੀ ਜਾਰੀ ਕੀਤੀ ਹੈ ਜਿਸ ਵਿੱਚ ਮੰਤਰੀ ਕਥਿਤ ਤੌਰ ‘ਤੇ ਕੁਝ ਅਧਿਕਾਰੀਆਂ ਨੂੰ ਫਸਾਉਣ ਅਤੇ ਫਿਰ ਉਨ੍ਹਾਂ ਤੋਂ ਰਿਸ਼ਵਤ ਲੈਣ ਦੀ ਯੋਜਨਾ ਦੀ ਚਰਚਾ ਕਰ ਰਿਹਾ ਹੈ। ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਤਰੀ ਨੂੰ ਵੀ ਉਸੇ ਤਰ੍ਹਾਂ ਬਰਖਾਸਤ ਕਰਨਗੇ, ਜਿਸ ਤਰ੍ਹਾਂ ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਾਰੀ ਦੀ ਆਡੀਓ ਕਲਿੱਪ ਦੇ ਆਧਾਰ ਉੱਤੇ ਉਸ ਖਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਫ਼ੌਜਾ ਸਿੰਘ ਸਰਾਰੀ ਨੇ ਮਾਰਕਫੈੱਡ ਦੇ ਢਾਈ ਕਰੋੜ ਦੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਕੇ ਉਹਦੇ ਵਿੱਚੋਂ ਪੈਸਾ ਕਮਾਉਣ ਦੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਾਰਵਾਈ ਸਹੀ ਢੰਗ ਨਾਲ ਹੋਣ ਲੱਗ ਪਏ ਤਾਂ ਇਨ੍ਹਾਂ ਦੀ ਕੈਬਨਿਟ ਵਿੱਚੋਂ ਕੋਈ ਵੀ ਮੰਤਰੀ ਨਹੀਂ ਬਚਣਾ।

ਮਜੀਠੀਆ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਬਾਰੇ ਬੋਲਦਿਆਂ ਕਿਹਾ ਕਿ ਵਿਜੇ ਸਿੰਗਲਾ ਅੱਜ ਆਪ ਦੇ ਸਾਰੇ ਅਧਿਕਾਰਤ ਫੰਕਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ। ਮਾਨ ਨੇ ਸਿੰਗਲਾ ਦੇ ਖਿਲਾਫ਼ ਜਿਨ੍ਹਾਂ ਸਬੂਤਾਂ ਦਾ ਜ਼ਿਕਰ ਕੀਤਾ ਸੀ, ਉਹ ਹਾਲੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਗਏ। ਪੰਜਾਬ ਵਿੱਚ ਐੱਨਆਈਏ ਦੀ ਰੇਡ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਐਨਆਈਏ ਦੀ ਰੇਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੀ ਅਮਨ ਕਾਨੂੰਨ ਸਥਿਤੀ ਫੇਲ੍ਹ ਹੋ ਗਈ ਹੈ। ਪੰਜਾਬ ਪੁਲਿਸ ਨੂੰ ਤਰਸਯੋਗ ਹਾਲਤ ਉੱਤੇ ਖੜਾ ਕਰਨ ਦੀ ਜ਼ਿੰਮੇਵਾਰ ਆਪ ਸਰਕਾਰ ਹੈ।

ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਾਰੀ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਬਾਜਵਾ ਨੇ ਭਗਵੰਤ ਮਾਨ ਨੂੰ ਐਤਵਾਰ ਨੂੰ ਵਾਇਰਲ ਹੋਈ ਉਸ ਆਡੀਓ ਕਲਿੱਪ ਦੀ ਵੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ, ਜਿਸ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਤੌਰ ‘ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ। ਹਾਲਾਂਕਿ, ਇਸ ਆਡੀਓ ਦੇ ਵਿੱਚ ਜਿਹੜੇ ਵਿਅਕਤੀ ਦੇ ਨਾਲ ਗੱਲਬਾਤ ਹੋ ਰਹੀ ਹੈ, ਉਹ ਕਿਸੇ ਟਰੱਕਾਂ ਦੇ ਵਿਚ ਢੋਆ ਢੁਆਈ ਦੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸ ਸੌਦੇਬਾਜ਼ੀ ਕਰਨ ਦੀ ਆਡੀਓ ਨੇ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ।

ਹਾਲਾਂਕਿ, ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਇਸ ਆਡੀਓ ਤੋਂ ਖੁਦ ਦਾ ਪੱਲਾ ਝਾੜ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਡੀਓ ਵਿਚ ਉਨ੍ਹਾਂ ਦੀ ਆਵਾਜ਼ ਹੀ ਨਹੀਂ ਹੈ। ਇਹ ਵਿਰੋਧੀਆਂ ਦੀ ਸ਼ਰਾਰਤ ਹੈ, ਆਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਵਾਇਰਲ ਵੀ ਜਾਣਬੁੱਝ ਕੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਆਡੀਓ ਆਪ ਦੇ ਹੀ ਇੱਕ ਆਗੂ ‘ਤੇ ਦਰਜ ਕੀਤੀ ਗਈ FIR ਤੋਂ ਬਾਅਦ ਵਾਇਰਲ ਹੋਈ ਹੈ। ਇਸ ਆਪ ਆਗੂ ਬਾਰੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ, ਮੰਤਰੀਆਂ ਵਾਲੀ ਫੀਲਿੰਗ ਲੈ ਕੇ ਇਕ ਵਰਕਰ ਸ਼ਰੇਆਮ ਹੂਟਰ ਅਤੇ ਤਿਰੰਗਾ ਲਗਾ ਕੇ ਘੁੰਮ ਰਿਹਾ ਸੀ, ਜਿਸ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ, ਜਿਸ ਤੋਂ ਬੌਖ਼ਲਾਹਟ ਵਿੱਚ ਆਏ ਉਨ੍ਹਾਂ ਦੇ ਵਿਰੋਧੀਆਂ ਨੇ ਇਹ ਫੇਕ ਆਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਹੈ।