Punjab

ਠੇਕੇ ‘ਤੇ ਲਈ 10 ਏਕੜ ਜ਼ਮੀਨ ‘ਤੇ ਲਾਇਆ ਸੀ ਝੋਨਾ, ਹੁਣ ਬਿਮਾਰੀ ਕਾਰਨ ਸਾਰੀ ਫ਼ਸਲ ਵਾਹੀ..

Mohali News

ਮੁਹਾਲੀ : ਇੱਥੇ ਇੱਕ ਪਾਸੇ ਕਿਸਾਨ ਆਪਣੇ ਝੋਨੇ ਫਸਲ ਨੂੰ ਮੰਡੀ ਵਿੱਚ ਵੇਚਣ ਦੀ ਤਿਆਰੀ ਕਰ ਰਿਹਾ ਹੈ, ਉੱਥੇ ਇੱਕ ਬਿਮਾਰੀ ਨੇ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ। ਪਿੰਡ ਖੇੜੀ ਭਾਈ ਕੀ ਦੇ ਪੀੜਤ ਕਿਸਾਨ ਨੇ ਆਪਣੀ ਖੜ੍ਹੀ 10 ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ ਹੈ। ਉਸਦਾ ਹੁਣ ਤੱਕ ਦਾ ਪ੍ਰਤੀ ਏਕੜ ਕਰੀਬ 20 ਹਜ਼ਾਰ ਦਾ ਖਰਚ ਆ ਗਿਆ ਹੈ। ਬਿਮਾਰੀ ਤੋਂ ਬਚਾਅ ਲਈ ਕੀਤੇ ਸਪਰੇਅ ਦਾ ਖਰਚਾ ਵੱਖਰਾ ਹੈ। ਕਿਸਾਨ ਨੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।

ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਠੇਕੇ ਉੱਤੇ ਲਈ ਦਸ ਏਕੜ ਜ਼ਮੀਨ ਉੱਤੇ ਝੋਨੇ ਦੀ ਬਿਜਾਈ ਕੀਤੀ ਸੀ। ਪਰ ਹੁਣ ਜਦੋਂ ਦੂਜੇ ਕਿਸਾਨ ਦੀ ਫਸਲ ਪੱਕਣ ਨੂੰ ਤਿਆਰ ਹੈ ਤਾਂ ਉਸਦੀ ਫਸਲ ਨੂੰ ਚੀਨੀ ਬਿਮਾਰੀ ਲੱਗ ਗਈ ਹੈ। ਇਸਦੇ ਰੋਕਥਾਮ ਲਈ ਉਸਨੇ ਦੋ ਵਾਰ ਸਪਰੇਅ ਵੀ ਕੀਤੀ ਹੈ ਪਰ ਕੋਈ ਫਾਇਦਾ ਨਾ ਹੋਇਆ। ਕਿਸਾਨ ਨੇ ਕਿਹਾ ਇਸ ਸਬੰਧ ਵਿੱਚ ਖੇਤੀਬਾੜੀ ਵਿਭਾਗ ਨੂੰ ਵੀ ਸੂਚਿਤ ਕੀਤਾ ਪਰ ਕੋਈ ਫਾਇਦਾ ਨਾ ਹੋਇਆ। ਉਨ੍ਹਾਂ ਨੇ ਹਾਰ ਕੇ ਇਹ ਫੈਸਲਾ ਨੂੰ ਵਾਹੁਣ ਦਾ ਫੈਸਲਾ ਕੀਤਾ।

ਦੂਜੇ ਪਾਸੇ ਇਸ ਸਬੰਧੀ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਪਿੰਡ ਵਿੱਚ ਖੇਤੀਬਾੜੀ ਅਧਿਕਾਰੀ ਗਏ ਸਨ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਵਿਭਾਗ ਮੁਤਾਬਿਕ ਜਿੱਥੇ ਵੀ ਫਸਲ ਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਤਾਂ ਅਧਿਕਾਰੀ ਜਾ ਕੇ ਜਾਂਚ ਪੜਤਾਲ ਕਰਦੇ ਹਨ। ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ।