‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-1897 ਦੇ ਸਾਰਾਗੜ੍ਹੀ ਦੇ ਯੁੱਧ ਵਿੱਚ ਹਜ਼ਾਰਾਂ ਅਫਗਾਨ ਕਬੀਲਿਆਂ ਨਾਲ ਲੋਹਾ ਲੈਣ ਵਾਲੇ 20 ਸਿੱਖ ਸੈਨਿਕਾਂ ਦੇ ਲੀਡਰ ਹੌਲਦਾਰ ਈਸ਼ਰ ਸਿੰਘ ਦੀ ਮੂਰਤੀ ਦੀ ਬ੍ਰਿਟੇਨ ਵਿੱਚ ਐਤਵਾਰ ਨੂੰ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਗਈ। ਇਹ 10 ਫੁੱਟ ਕਾਂਸੇ ਦੀ ਮੂਰਤੀ ਬ੍ਰਿਟੇਨ ਦਾ ਪਹਿਲਾ ਸਮਾਰਕ ਹੈ। ਇਸਨੂੰ 6 ਫੁੱਟ ਦੇ ਚਬੂਤਰੇ ਉੱਤੇ ਵਾਲਵਰਹੈਂਪਟਨ ਦੇ ਵੇਡੰਸਫੀਲਡ ਵਿੱਚ ਸਥਾਪਿਤ ਕੀਤਾ ਗਿਆ ਹੈ।ਇਸਦੇ ਹੇਠਾਂ ਯਾਦਗਾਰੀ ਸ਼ਬਦ ਵੀ ਲਿਖੇ ਗਏ ਹਨ।
ਜ਼ਿਕਰਯੋਗ ਹੈ ਕਿ ਸਾਰਾਗੜ੍ਹੀ ਦੀ ਲੜਾਈ 124 ਸਾਲ ਪਹਿਲਾਂ 1897 ਨੂੰ ਲੜੀ ਗਈ ਸੀ। ਇਸ ਵਿਚ ਇਕ ਪਾਸੇ ਬ੍ਰਿਟਿਸ਼ ਭਾਰਤੀ ਸੈਨਾ ਦੀ 36ਵੀਂ ਸਿੱਖ ਰੈਜੀਮੈਂਟ ਆਫ ਬੰਗਾਲ ਇਨਫੈਂਟਰੀ ਦੇ ਸਿਰਫ 21 ਸਿੱਖ ਜਵਾਨ ਮੌਜੂਦ ਸਨ ਤੇ ਦੂਜੇ ਪਾਸੇ ਅਫਗਾਨ ਕਬੀਲਿਆਂ ਦੇ 10 ਹਜ਼ਾਰ ਦੀ ਵੱਡੀ ਫੌਜ ਸੀ। ਇਹ ਲੜਾਈ ਮੌਜੂਦਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਲੜੀ ਗਈ ਸੀ।
ਇਨ੍ਹਾਂ 21 ਸਿੱਖ ਸਿਪਾਹੀਆਂ ਨੇ ਛੇ ਘੰਟੇ ਤੋਂ ਵੀ ਜਿਆਦਾ ਸਮਾਂ ਲਾ ਕੇ ਲੜੀ ਇਸ ਲੜਾਈ ਵਿੱਚ ਵੀਰਗਤੀ ਪਾ ਕੇ ਆਪਣੇ ਹੌਂਸਲੇ ਦੇ ਦਰਸ਼ਨ ਕਰਵਾਏ।ਇਸ ਸੰਘਰਸ਼ ਵਿੱਚ 180 ਤੋਂ 200 ਪਠਾਨ ਕਬਾਇਲੀ ਵੀ ਮਾਰੇ ਗਏ ਸਨ।
ਕਈ ਸੈਨਿਕ ਇਤਿਹਾਸਕਾਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਸਾਰਾਗੜ੍ਹੀ ਦਾ ਯੁੱਧ ਵੀਰਗਤੀ ਪਾਉਣ ਤੋਂ ਪਹਿਲਾਂ ਲੜੇ ਗਏ ਇਤਿਹਾਸ ਦੇ ਮਹਾਨ ਯੋਧਿਆਂ ਵਿੱਚੋਂ ਇਕ ਹੈ। ਬਾਅਦ ਵਿੱਚ ਇਨ੍ਹਾਂ ਸਾਰੇ 21 ਸੈਨਿਕਾਂ ਨੂੰ ਹੌਸਲੇ ਤੇ ਬਹਾਦਰੀ ਲਈ ਮਰਨ ਤੋਂ ਬਾਅਦ ਉਸ ਵੇਲੇ ਦੇ ਸਭ ਤੋਂ ਉੱਚੇ ਵੀਰਤਾ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਨਵਾਜ਼ਿਆ ਗਿਆ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਹਰੇਕ 12 ਸਤੰਬਰ ਨੂੰ ਇਹ ਸ਼ਹੀਦੀ ਦਿਹਾੜਾ ਭਾਰਤੀ ਸਿਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਲਈ ਸਾਰਾਗੜ੍ਹੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਵਾਲਵਰਹੈਂਪਟਨ ਦੇ ਵੇਡੰਸਫੀਲਡ ਦੇ ਮੇਅਰ ਭੁਪਿੰਦਰ ਗਖਲ ਦਾ ਇਹ ਕੋਈ 41 ਸਾਲ ਪੁਰਾਣਾ ਸੁਪਨਾ ਹੈ ਜੋ ਪੂਰਾ ਹੋਇਆ ਹੈ। ਉਨ੍ਹਾਂ ਦਸਿਆ ਕਿ ਉਹ 14 ਸਾਲ ਦੀ ਉਮਰ ਵਿਚ ਭਾਰਤ ਗਏ ਸਨ। ਉੱਥੇ ਐਸਬੀਆਈ ਦੀ ਬ੍ਰਾਂਚ ਵਿਚ ਕਲੰਡਰ ਦੇਖਿਆ ਸੀ, ਜਿਸ ਵਿਚ ਕਈ ਸਿਖ ਲੋਕ ਖੜ੍ਹੇ ਸਨ। ਉਦੋਂ ਬੈਂਕ ਮੈਨੇਜਰ ਨੇ ਕਿਹਾ ਕਿ ਇਹ ਤੁਹਾਡਾ ਇਤਿਹਾਸ ਹੈ, ਇਸਦੀ ਖੋਜ ਕਰੋ। ਉਦੋਂ ਤੋਂ ਹੀ ਇਹ ਬੁੱਤ ਲਗਾਉਣਾ ਉਨ੍ਹਾਂ ਦਾ ਸੁਪਨਾ ਹੈ।
ਦੱਸਿਆ ਗਿਆ ਹੈ ਕਿ ਇਸ ਮੂਰਤੀ ਨੂੰ ਬਣਾਉਣ ਵਿਚ ਇਕ ਲੱਖ ਪੌਂਡ ਦਾ ਖਰਚਾ ਆਇਆ ਹੈ। ਤੇ ਇਸਨੂੰ ਸੰਵਾਰਨ ਵਿੱਚ 36 ਹਜਾਰ ਪੌਂਡ ਦਾ ਵਾਧੂ ਖਰਚਾ ਵੀ ਆਇਆ ਹੈ।ਇਸਨੂੰ ਲਿਊਕ ਪੇਰੀ ਨਾਂ ਦੇ ਕਲਾਕਾਰ ਨੇ ਬਣਾਇਆ ਹੈ।ਉਸਦਾ ਕਹਿਣਾ ਹੈ ਕਿ ਇਹ ਬ੍ਰਿਟਿਸ਼ ਇਤਿਹਾਸ ਦੀ ਅਹਿਮ ਲੜਾਈ ਰਹੀ ਹੈ।ਸਕੂਲਾਂ ਵਿੱਚ ਨਾ ਪੜ੍ਹਾਉਣ ਕਾਰਨ ਇਸਨੂੰ ਲੋਕ ਭੁੱਲ ਗਏ ਹਨ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਸਮੇਥਵਿਕ ਗੁਰੂਦੁਆਰਾ ਸਾਹਿਬ ਦੇ ਕਈ ਸ਼ਰਧਾਲੂਆਂ ਨੇ ਵੀ ਇਸ ਲਈ ਚੰਦਾ ਦਿੱਤਾ ਹੈ।ਹਾਲਾਂਕਿ ਇਹ ਮੂਰਤੀ ਹੌਲਦਾਰ ਈਸ਼ਰ ਸਿੰਘ ਜਾਂ ਬਾਕੀ ਹੋਰ 20 ਸਿੱਖ ਫੌਜੀਆਂ ਵਿੱਚੋਂ ਕਿਸੇ ਇਕ ਵਰਗੀ ਵੀ ਨਹੀਂ ਹੈ।ਇਸ ਉੱਤੇ ਪੇਰੀ ਦਾ ਕਹਿਣਾ ਹੈ ਕਿ ਇਹ ਮੂਰਤੀ ਇਕਦਮ ਪਛਾਣ ਵਿੱਚ ਨਹੀਂ ਆਉਂਦੀ। ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਦਾਦੇ ਵਰਗੀ ਹੈ। ਇਸ ਇਲਾਕੇ ਦੇ ਲੋਕ ਇਸ ਮੂਰਤੀ ਨੂੰ ਬੜੇ ਮਾਣ ਨਾਲ ਦੇਖਦੇ ਹਨ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿੱਚ ਮਹਾਤਮਾ ਗਾਂਧੀ ਦੇ ਜਨਮਦਿਨ ਮੌਕੇ ਫ੍ਰੇਡਾ ਬ੍ਰਿਲਿਅੰਟ ਨੇ 1968 ਵਿਚ ਉਨ੍ਹਾਂ ਦੀ ਮੂਰਤੀ ਦੀ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ ਸੀ।ਇਸੇ ਤਰ੍ਹਾਂ ਲੰਦਨ ਵਿਚ ਬ੍ਰਿਟਿਸ਼ ਭਾਰਤ ਦੇ ਏਜੰਟ ਨੂਰ ਇਨਾਇਤ ਖਾਨ ਦੀ ਮੂਰਤੀ, ਬ੍ਰਿਸਟਲ ਵਿਚ ਰਾਜਾ ਰਾਮ ਮੋਹਨ ਰਾਇ, ਗ੍ਰੇਵਸੇਂਡ ਵਿੱਚ ਲੜਾਕੇ ਪਾਇਲਟ ਮਹਿੰਦਰ ਸਿੰਹ ਪੂਜੀ ਦੀ ਮੂਰਤੀ ਤੇ ਲੰਦਨ ਦੀ ਟੇਮਸ ਨਦੀ ਦੇ ਦੱਖਣੀ ਕਿਨਾਰੇ ਉੱਤੇ 12ਵੀਂ ਸ਼ਤਾਬਦੀ ਦੇ ਦਾਰਸ਼ਨਿਕ ਤੇ ਰਾਜਨੇਤਾ ਬਸਵੇਸ਼ਵਰ ਦੀ ਇੱਕ ਮੂਰਤੀ ਵੀ ਲਗਾਈ ਗਈ ਹੈ।