Punjab

…ਤੇ ਆਖ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਟੱਪਣੀ ਪਈ ਘਰ ਦੀ ਸਰਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲ ਆਪਣੇ ਸੀਸਵਾਂ ਫ਼ਾਰਮ ਹਾਊਸ ਦੀ ਸਰਦਲ ਨਹੀਂ ਸੀ ਟੱਪੀ, ਹੁਣ ਪੰਜਾਬ ਦਾ ਗੇੜਾ ਲਾਉਣ ਲੱਗੇ ਹਨ। ਕਪਤਾਨ ਸਾਹਿਬ ਨੂੰ ਅਚਾਨਕ ਪਬਲਿਕ ਨਾਲ ਮੋਹ ਜਾਗ ਪਿਆ ਹੈ ਜਾਂ ਫਿਰ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਭਰਮਾਉਣ ਦੀ ਖੇਡ ਸ਼ੁਰੂ ਹੋ ਗਈ ਹੈ। ਨਹੀਂ, ਕੈਪਟਨ ਦੇ ਆਪਣੇ ‘ਸਿਆਸੀ ਰਿਸ਼ਤੇਦਾਰ’ ਹੀ ਉਸ ‘ਤੇ ਏਸੀ ਮੂਹਰੇ ਜੁੜ ਕੇ ਬੈਠਣ ਦਾ ਤੰਜ ਕੱਸਣ ਲੱਗੇ ਸਨ ਤਾਂ ਵਰ੍ਹਦੀ ਹੁੰਮਸ ਵਿੱਚ ਉਸਦਾ ਬਾਹਰ ਨਿਕਲਣਾ ਮਜ਼ਬੂਰੀ ਬਣ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ‘ਤੇ ਪਾਬੰਦੀ ਲਾਉਣ ਅਤੇ ਸਰਕਾਰੀ ਸਮਾਗਮਾਂ ਦੀ ਦਿੱਤੀ ਖੁੱਲ੍ਹ ਰਾਸ ਆਉਣ ਲੱਗੀ ਹੈ।

ਲੰਮੇ ਅਰਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਆਬੇ ਦਾ ਗੇੜਾ ਲਾਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ਾਇਦ ਇਹ ਪਹਿਲਾ ਸਬੱਬ ਹੋਵੇਗਾ ਜਦੋਂ ਦੁਆਬੀਆਂ ਨੂੰ ਉਸਨੂੰ ਨੇੜਿਉਂ ਹੋ ਕੇ ਤੱਕਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਅੱਜ ਦੁਆਬੇ ਦੇ ਜ਼ਿਲ੍ਹਾ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਦੋ ਸਮਾਗਮਾਂ ਨੂੰ ਸੰਬੋਧਨ ਕੀਤਾ। ਇਕੱਠ ਵਿੱਚ ਲੋਕਾਂ ਦੀ ਜੁੜੀ ਭੀੜ ਨੂੰ ਦੇਖ ਕੇ ਤਾਂ ਇੱਕ ਗੱਲ ਪੱਕੀ ਹੈ ਕਿ ਕੋਰੋਨਾ ਦੀਆਂ ਹਦਾਇਤਾਂ ਦਾ ਖ਼ਿਆਲ ਨਹੀਂ ਰੱਖਿਆ ਗਿਆ। ਉਂਝ ਮੁੱਖ ਮੰਤਰੀ ਨੇ ਦੋਵੇਂ ਇਕੱਠਾਂ ਨੂੰ ਮੂੰਹ ‘ਤੇ ਮਾਸਕ ਪਾ ਕੇ ਸੰਬੋਧਨ ਕੀਤਾ। ਹਾਂ, ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰੀ ਸਮਾਗਮਾਂ ਮੌਕੇ 100-200 ਦਾ ਇਕੱਠ ਸੱਦਣ ਦੀ ਛੋਟ ਦਿੱਤੀ ਸੀ ਪਰ ਅੱਜ ਦੇ ਸਮਾਗਮ ਸਿਆਸੀ ਰੈਲੀਆਂ ਦਾ ਰੂਪ ਧਾਰਨ ਕਰ ਗਏ। ਉਂਝ, ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਰੈਲੀਆਂ ਨਾ ਕਰਨ ਦੀਆਂ ਹਦਾਇਤਾਂ ਦੇਣ ਤੋਂ ਬਾਅਦ ਹੀ ਦੱਬਵੇਂ ਬੁੱਲ੍ਹੀ ਇਹ ਚਰਚਾ ਛਿੜ ਗਈ ਸੀ ਕਿ ਸਰਕਾਰੀ ਸਮਾਗਮਾਂ ਨੂੰ ਖੁੱਲ੍ਹ ਦੇਣ ਪਿੱਛੇ ਜ਼ਰੂਰ ਕੋਈ ਖਿਚੜੀ ਪੱਕ ਰਹੀ ਹੈ।